PM ਗਤੀਸ਼ਕਤੀ ਨੇ ਬਦਲੀ ਭਾਰਤ ਦੀ ਤਸਵੀਰ, 208 ਪ੍ਰਾਜੈਕਟਾਂ ਦੀ ਸਿਫਾਰਿਸ਼ ਕੀਤੀ ਗਈ
Sunday, Oct 13, 2024 - 12:59 PM (IST)
ਨਵੀਂ ਦਿੱਲੀ (ਭਾਸ਼ਾ) – ਪੀ. ਐੱਮ. ਗਤੀਸ਼ਕਤੀ ਨੇ ਭਾਰਤ ਦੀ ਇਨਫਰਾਸਟ੍ਰਕਚਰ ਦੀ ਤਸਵੀਰ ਬਦਲਣ ’ਚ ਮਹੱਤਵਪੂਰਨ ਰੋਲ ਨਿਭਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਪੀ. ਐੱਮ. ਗਤੀਸ਼ਕਤੀ ਪਹਿਲ ਦੇ ਤਹਿਤ ਹੁਣ ਤੱਕ ਸੜਕ ਅਤੇ ਰੇਲਵੇ ਸਮੇਤ ਵੱਖ-ਵੱਖ ਮੰਤਰਾਲਿਆਂ ਦੇ 15.39 ਲੱਖ ਕਰੋੜ ਰੁਪਏ ਦੇ 208 ਵੱਡੇ ਇਨਫਰਾਸਟ੍ਰਕਚਰ ਪ੍ਰਾਜੈਕਟਾਂ ਨੂੰ ਮਨਜ਼ੂਰੀ ਲਈ ਸਿਫਾਰਿਸ਼ ਕੀਤੀ ਗਈ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਪ੍ਰਾਜੈਕਟਾਂ ਦੀ ਸਿਫਾਰਿਸ਼ 13 ਅਕਤੂਬਰ 2021 ਨੂੰ ਸ਼ੁਰੂ ਕੀਤੀ ਗਈ ਪੀ. ਐੱਮ. ਗਤੀਸ਼ਕਤੀ ਪਹਿਲ ਦੇ ਤਹਿਤ ਗਠਿਤ ਨੈੱਟਵਰਕ ਪਲਾਨਿੰਗ ਗਰੁੱਪ (ਐੱਨ. ਪੀ. ਜੀ.) ਵੱਲੋਂ ਕੀਤੀ ਗਈ ਹੈ।
ਇਨਫਰਾ ਡਿਵੈੱਲਪ ਹੋਣ ਨਾਲ ਮਿਲੇ ਕਈ ਲਾਭ
ਉਦਯੋਗ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ (ਡੀ. ਪੀ. ਆਈ. ਆਈ. ਟੀ.) ਦੇ ਸਕੱਤਰ ਅਮਰਦੀਪ ਸਿੰਘ ਨੇ ਕਿਹਾ,‘ਪਹਿਲ ਦੇ ਤਹਿਤ ਹੁਣ ਤੱਕ 15.39 ਲੱਖ ਕਰੋੜ ਰੁਪਏ ਦੀ ਲਾਗਤ ਦੇ 208 ਪ੍ਰਾਜੈਕਟਾਂ ਦਾ ਮੁਲਾਂਕਣ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਦੀ ਵਰਤੋਂ ਦੇ ਕਈ ਲਾਭ ਹੈ, ਜਿਸ ’ਚ ਇਨ੍ਹਾਂ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਯੋਜਨਾ ਬਣਾਉਣ ’ਚ ਲੱਗਣ ਵਾਲੇ ਸਮੇਂ ਅਤੇ ਲਾਗਤ ’ਚ ਮਹੱਤਵਪੂਰਨ ਕਟੌਤੀ ਸ਼ਾਮਲ ਹੈ। ਗਰੁੱਪ ਵੱਲੋਂ ਸਿਫਾਰਿਸ਼ ਕੀਤੇ ਗਏ ਪ੍ਰਾਜੈਕਟਾਂ ਦੀ ਵੱਧ ਤੋਂ ਵੱਧ ਗਿਣਤੀ ਸੜਕ (101), ਰੇਲਵੇ (73), ਸ਼ਹਿਰੀ ਵਿਕਾਸ (12) ਅਤੇ ਤੇਲ ਅਤੇ ਗੈਸ ਮੰਤਰਾਲਾ ਨਾਲ ਸਬੰਧਤ 4 ਪ੍ਰਾਜੈਕਟ ਹਨ।
ਅੰਤਰ-ਮੰਤਰਾਲਾ ਐੱਨ. ਪੀ. ਜੀ. ਹਰ ਪੰਦਰਵਾੜੇ ਬੈਠਕ ਕਰਦਾ ਹੈ ਅਤੇ ਬਹੁ-ਵਿਧੀ, ਕੋਸ਼ਿਸ਼ਾਂ ਦੀ ਤਾਲਮੇਲ ਅਤੇ ਪ੍ਰਾਜੈਕਟ ਸਥਾਨ ਦੇ ਆਲੇ-ਦੁਆਲੇ ਵਿਆਪਕ ਵਿਕਾਸ ਯਕੀਨੀ ਕਰਨ ਲਈ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦਾ ਮੁਲਾਂਕਣ ਕਰਦਾ ਹੈ।
ਲਾਜਿਸਟਿਕਸ ਲਾਗਤ ’ਚ ਕਮੀ ਆਈ
ਲਾਜਿਸਟਿਕਸ ਲਾਗਤ ਨੂੰ ਘੱਟ ਕਰਨ ਲਈ ਇਕ ਏਕੀਕ੍ਰਿਤ ਬੁਨਿਆਦੀ ਢਾਂਚਾ ਵਿਕਸਿਤ ਕਰਨ ਲਈ ਇਸ ਪਹਿਲ ਦੀ ਸ਼ੁਰੂਆਤ ਕੀਤੀ ਗਈ ਸੀ। 500 ਕਰੋੜ ਰੁਪਏ ਤੋਂ ਵੱਧ ਦੇ ਨਿਵੇਸ਼ ਵਾਲੇ ਸਾਰੇ ਲਾਜਿਸਟਿਕਸ ਅਤੇ ਕੁਨੈਕਟੀਵਿਟੀ ਬੁਨਿਆਦੀ ਢਾਂਚਾ ਪ੍ਰਾਜੈਕਟ ਐੱਨ. ਪੀ. ਜੀ. ਦੇ ਰਾਹੀਂ ਚਲਾਏ ਜਾਂਦੇ ਹਨ।
ਜਨਤਕ ਨਿਵੇਸ਼ ਬੋਰਡ (ਪੀ. ਆਈ. ਬੀ.) ਜਾਂ ਵਿੱਤ ਮੰਤਰਾਲਾ ਦੇ ਤਹਿਤ ਖਰਚਾ ਵਿਭਾਗ ਵੱਲੋਂ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਐੱਨ. ਪੀ. ਜੀ. ਦੀ ਮਨਜ਼ੂਰੀ ਜ਼ਰੂਰੀ ਹੁੰਦੀ ਹੈ। ਭਾਟੀਆ ਨੇ ਕਿਹਾ ਕਿ ਸਰਕਾਰ ਇਸ ਸਾਲ ਨਿੱਜੀ ਖੇਤਰ ਨੂੰ ਪੀ. ਐੱਮ. ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ (ਐੱਨ. ਐੱਮ. ਪੀ.) ਪੋਰਟਲ ਤੱਕ ਪਹੁੰਚ ਪ੍ਰਦਾਨ ਕਰਨ ਦਾ ਟੀਚਾ ਬਣਾ ਰਹੀ ਹੈ ਅਤੇ ਵੇਰਵੇ ਲਈ ਚਰਚਾ ਚੱਲ ਰਹੀ ਹੈ।