ਖਾਣ ਵਾਲੇ ਤੇਲਾਂ ''ਚ ਦੇਸ਼ ਬਣੇਗਾ ਆਤਮਨਿਰਭਰ, 11 ਹਜ਼ਰ ਕਰੋੜ ਹੋਵੇਗਾ ਨਿਵੇਸ਼

08/09/2021 3:53:19 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਸਾਨ ਨਿਧੀ ਸਕੀਮ ਦੀ ਨਵੀਂ ਕਿਸ਼ਤ ਜਾਰੀ ਕਰਨ ਮੌਕੇ ਖਾਣ ਵਾਲੇ ਤੇਲਾਂ ਦੇ ਉਤਪਾਦਨ ਵਿਚ ਦੇਸ਼ ਨੂੰ ਆਤਮਨਿਰਭਰ ਬਣਾਉਣ ਲਈ ਰਾਸ਼ਟਰੀ ਖਾਣਯੋਗ ਤੇਲ ਮਿਸ਼ਨ ਦੇ ਮਾਧਿਅਮ ਨਾਲ 11 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਬਾਵਜੂਦ ਭਾਰਤ ਪਹਿਲੀ ਵਾਰ ਖੇਤੀਬਾੜੀ ਬਰਾਮਦ ਦੇ ਮਾਮਲੇ ਵਿਚ ਦੁਨੀਆ ਦੇ ਚੋਟੀ ਦੇ 10 ਦੇਸ਼ਾਂ ਵਿਚ ਪਹੁੰਚ ਗਿਆ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਦਾਲਾਂ ਅਤੇ ਖਾਣ ਵਾਲੇ ਤੇਲ ਦੇ ਉਤਪਾਦਨ ਵਿਚ ਆਤਮਨਿਰਭਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਅੰਨ ਭੰਡਾਰ ਕਿਸਾਨਾਂ ਅਤੇ ਸਰਕਾਰ ਦੀ ਭਾਈਵਾਲੀ ਕਾਰਨ ਭਰੇ ਹੋਏ ਹਨ।

ਉਨ੍ਹਾਂ ਕਿਹਾ, ''ਕਣਕ, ਚੌਲ ਤੇ ਖੰਡ ਦੀ ਆਤਮਨਿਰਭਰਤਾ ਕਾਫ਼ੀ ਨਹੀਂ ਹੈ। ਸਾਨੂੰ ਦਾਲਾਂ ਤੇ ਖਾਣ ਵਾਲੇ ਤੇਲ ਵਿਚ ਵੀ ਆਤਮਨਿਰਭਰ ਹੋਣਾ ਹੋਵੇਗਾ। ਦੇਸ਼ ਦੇ ਕਿਸਾਨ ਅਜਿਹਾ ਕਰ ਸਕਦੇ ਹਨ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਿਛਲੇ ਛੇ ਸਾਲਾਂ ਵਿਚ ਦਾਲਾਂ ਦੇ ਉਤਪਾਦਨ ਵਿਚ ਲਗਭਗ 50 ਫ਼ੀਸਦੀ ਵਾਧਾ ਹੋਇਆ ਹੈ। ਜੋ ਕੰਮ ਅਸੀਂ ਦਾਲਾਂ ਦੇ ਮਾਮਲੇ ਵਿਚ ਕੀਤਾ, ਹੁਣ ਸਾਨੂੰ ਖਾਣ ਵਾਲੇ ਤੇਲਾਂ ਦੇ ਉਤਪਾਦਨ ਵਿਚ ਵੀ ਇਹੀ ਸੰਕਲਪ ਲੈਣਾ ਹੋਵੇਗਾ। ਇਸ ਲਈ ਤੇਜ਼ੀ ਨਾਲ ਕੰਮ ਕਰਨਾ ਹੈ ਤਾਂ ਕਿ ਦੇਸ਼ ਇਸ ਵਿਚ ਵੀ ਆਤਮਨਿਰਭਰ ਬਣ ਸਕੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਖਾਣਯੋਗ ਤੇਲ ਮਿਸ਼ਨ ਜ਼ਰੀਏ ਖਾਣ ਵਾਲੇ ਤੇਲ ਨਾਲ ਜੁੜੀ ਪ੍ਰਣਾਲੀ 'ਤੇ 11 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਇਹ ਯਕੀਨੀ ਬਣਾਏਗੀ ਕਿ ਕਿਸਾਨਾਂ ਨੂੰ ਉੱਤਮ ਬੀਜ, ਤਕਨਾਲੋਜੀ ਅਤੇ ਹੋਰ ਸਾਰੀਆਂ ਸਹੂਲਤਾਂ ਮਿਲਣ।


Sanjeev

Content Editor

Related News