ਪਿਊਸ਼ ਗੋਇਲ ਕਰਨਗੇ ਦਾਵੋਸ ਜਾਣ ਵਾਲੇ ਭਾਰਤੀ ਡੈਲੀਗੇਸ਼ਨ ਦੀ ਅਗਵਾਈ
Saturday, Jan 18, 2020 - 06:13 PM (IST)

ਨਵੀਂ ਦਿੱਲੀ — ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦਾਵੋਸ 'ਚ ਹੋਣ ਜਾ ਰਹੇ 50ਵੇਂ ਵਿਸ਼ਵ ਆਰਥਿਕ ਫੋਰਮ(WEF) ਕਾਨਫਰੈਂਸ ਵਿਚ ਭਾਰਤੀ ਡੈਲੀਗੇਸ਼ਨ ਦੀ ਅਗਵਾਈ ਕਰਨਗੇ। ਇਹ ਸੰਮੇਲਨ 20 ਤੋਂ 24 ਜਨਵਰੀ ਵਿਚਕਾਰ ਹੋਵੇਗਾ। ਵਣਜ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਗੋਇਲ ਦਾਵੋਸ 'ਚ ਵਿਸ਼ਵ ਵਪਾਰ ਸੰਗਠਨ ਦੇ ਮੰਤਰੀਆਂ ਦੀ ਇਕ ਗੈਰ ਰਸਮੀ ਮੀਟਿੰਗ ਵਿਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਗੋਇਲ ਉਥੇ ਆਸਟਰੇਲੀਆ, ਦੱਖਣੀ ਅਫਰੀਕਾ, ਰੂਸ, ਸਾਊਦੀ ਅਰਬ, ਸਵਿਟਜ਼ਰਲੈਂਡ, ਕੋਰੀਆ ਅਤੇ ਸਿੰਗਾਪੁਰ ਦੇ ਮੰਤਰੀਆਂ ਨਾਲ ਦੁਵੱਲੀ ਬੈਠਕ ਕਰਨਗੇ।
ਗੋਇਲ ਦੀ ਇਸ ਦੌਰਾਨ ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ(OECD) ਦੇ ਜਨਰਲ ਸਕੱਤਰ ਅਤੇ ਵਿਸ਼ਵ ਵਪਾਰ ਸੰਗਠਨ ਦੇ ਡਾਇਰੈਕਟਰ ਜਨਰਲ ਨਾਲ ਵੀ ਮੁਲਾਕਾਤ ਕਰਨਗੇ। ਗੋਇਲ ਆਪਣੀ ਇਸ ਯਾਤਰਾ ਦੌਰਾਨ ਕੰਪਨੀਆਂ ਦੇ ਸੀਈਓਜ਼ ਨਾਲ ਵੀ ਦੁਵੱਲੀ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਉਹ 'ਭਾਰਤੀ ਰੇਲਵੇ ਵਿਚ ਨਿਵੇਸ਼ ਵਧਾਉਣ' ਵਿਸ਼ੇ 'ਤੇ ਗੋਲ ਟੇਬਲ ਗੱਲਬਾਤ, ਗਲੋਬਲ ਇੰਸਟੀਟਊਸ਼ਨਲ ਇਨਵੈਟਮੈਂਟ ਨੂੰ ਭਾਰਤ ਵਿਚ ਨਿਵੇਸ਼ ਲਈ ਸੱਦਾ ਦੇਣ ਅਤੇ ਵਿਸ਼ਵ ਆਰਥਿਕ ਫੋਰਮ ਦੇ ਸੈਸ਼ਨਾਂ ਵਿਚ ਵੀ ਹਿੱਸਾ ਲੈਣਗੇ। ਗੋਇਲ ਦੇ ਨਾਲ ਵਿਸ਼ਵ ਆਰਥਿਕ ਮੰਚ ਸੰਮੇਲਨ 'ਚ ਕੇਂਦਰੀ ਆਰਥਿਕ ਮਾਮਲਿਆਂ ਦੇ ਮੰਤਰੀ ਮਨਸੁਖ ਲਾਲ ਮੰਡਾਵੀਆ, ਕਰਨਾਟਕ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਪੰਜਾਬ ਦੇ ਵਿੱਤ ਮੰਤਰੀ ਅਤੇ ਤੇਲੰਗਾਨਾ ਦੇ ਸੂਚਨਾ ਤਕਨਾਲੋਜੀ ਮੰਤਰੀ ਸ਼ਾਮਲ ਹੋਣਗੇ।