ਭਾਰਤ ''ਚ 25 ਫ਼ੀਸਦੀ ਮੈਨਿਊਫੈਕਚਰਿੰਗ ਵਧਾਉਣ ਦੀ ਯੋਜਨਾ ਬਣਾ ਰਹੀ ਐਪਲ : ਪੀਊਸ਼ ਗੋਇਲ

Tuesday, Jan 24, 2023 - 01:40 PM (IST)

ਭਾਰਤ ''ਚ 25 ਫ਼ੀਸਦੀ ਮੈਨਿਊਫੈਕਚਰਿੰਗ ਵਧਾਉਣ ਦੀ ਯੋਜਨਾ ਬਣਾ ਰਹੀ ਐਪਲ : ਪੀਊਸ਼ ਗੋਇਲ

ਬਿਜ਼ਨੈੱਸ ਡੈਸਕ- ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਅਮਰੀਕਾ ਦੀ ਦਿੱਗਜ ਤਕਨਾਲੋਜੀ ਕੰਪਨੀ ਐਪਲ ਭਾਰਤ 'ਚ ਆਪਣੇ ਆਈਫੋਨ ਦਾ ਉਤਪਾਦਨ ਵਧਾਉਣ 'ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਅਤੇ ਬਿਨਾਂ ਸ਼ਰਤ ਸਬਸਿਡੀ ਵਰਗੇ ਕਾਰੋਬਾਰ ਪੱਖੀ ਮਾਹੌਲ ਕਾਰਨ ਗਲੋਬਲ ਕੰਪਨੀਆਂ ਭਾਰਤ ਨੂੰ ਆਪਣੇ ਮੈਨਿਈਫੈਕਚਰਿੰਗ ਦਾ ਅੱਡਾ ਬਣਾ ਰਹੀਆਂ ਹਨ।
G20 ਦੇ ਅਧਿਕਾਰਤ ਸੰਵਾਦ ਫੋਰਮ ਬਿਜ਼ਨੈੱਸ 20 (ਬੀ-20) ਦੇ ਉਦਘਾਟਨੀ ਸੈਸ਼ਨ 'ਚ ਗਲੋਬਲ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਗੋਇਲ ਨੇ ਕਿਹਾ, “ਇਸ ਸਮੇਂ ਐਪਲ ਦੇ ਕੁੱਲ ਉਤਪਾਦਨ ਦਾ 5 ਤੋਂ 7 ਫ਼ੀਸਦੀ ਭਾਰਤ 'ਚ ਹੋ ਰਿਹਾ ਹੈ। ਜੇਕਰ ਮੈਂ ਗਲਤ ਨਹੀਂ ਹਾਂ, ਤਾਂ ਇਹ ਆਪਣਾ 25 ਫ਼ੀਸਦੀ ਮੈਨਿਊਫੈਕਚਰਿੰਗ ਇੱਥੋਂ ਕਰਨਾ ਚਾਹੁੰਦੀ ਹੈ। ਐਪਲ ਨੇ ਹਾਲ ਹੀ 'ਚ ਆਪਣਾ ਲੇਟੈਸਟ ਹੈਂਡਸੈੱਟ ਪੇਸ਼ ਕੀਤਾ ਹੈ, ਜੋ ਭਾਰਤ 'ਚ ਹੀ ਬਣਾਇਆ ਗਿਆ ਹੈ।
ਐਪਲ ਦੇ ਆਈਫੋਨ ਹੁਣ 'ਮੇਡ ਇਨ ਇੰਡੀਆ' ਹੋ ਗਏ ਹਨ ਅਤੇ ਇਸ ਦਾ ਸਭ ਤੋਂ ਵੱਡਾ ਪਲਾਂਟ ਬੈਂਗਲੁਰੂ 'ਚ ਲਗਾਇਆ ਜਾ ਰਿਹਾ ਹੈ। ਐਪਲ ਲਈ ਭਾਰਤ 'ਚ ਆਈਫੋਨ ਫਾਕਸਕਾਨ, ਵਿਸਟ੍ਰਾਨ ਅਤੇ ਪੇਗਾਟਰਾਨ ਬਣਾਉਂਦੀ ਹੈ। ਗੋਇਲ ਨੇ ਕਿਹਾ ਕਿ ਦੁਨੀਆ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਭਾਰਤ ਕੋਵਿਡ-19 ਨਾਲ ਕਿਵੇਂ ਲੜੇਗਾ ਪਰ ਦੇਸ਼ ਨੇ ਡਰ ਨੂੰ ਉਮੀਦ 'ਚ ਬਦਲ ਦਿੱਤਾ ਹੈ ਅਤੇ ਵਿਸ਼ਵ ਅਰਥਵਿਵਸਥਾ 'ਚ ਇੱਕ ਚਮਕਦੇ ਸਿਤਾਰੇ ਵਜੋਂ ਉਭਰਿਆ ਹੈ। ਦੁਨੀਆ 'ਚ ਕੋਈ ਹੋਰ ਅਜਿਹਾ ਬਾਜ਼ਾਰ ਨਹੀਂ ਹੈ ਜਿੱਥੇ ਭਾਰਤ ਦੀ ਤਰ੍ਹਾਂ ਅਪਾਰ ਮੌਕੇ ਹਨ।
ਵਧਦੀਆਂ ਵਿਆਜ ਦਰਾਂ 'ਤੇ ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਅਤੇ ਰੂਸ-ਯੂਕ੍ਰੇਨ ਵਿਵਾਦ ਕਾਰਨ ਅਜਿਹੀ ਸਥਿਤੀ ਪੈਦਾ ਹੋਈ ਹੈ। ਗੋਇਲ ਨੇ ਕਿਹਾ, “ਸਾਨੂੰ ਲੱਗਦਾ ਹੈ ਕਿ ਅਸੀਂ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਸਾਰੇ ਠੋਸ ਕਦਮ ਚੁੱਕੇ ਹਨ। ਭਾਰਤੀ ਰਿਜ਼ਰਵ ਬੈਂਕ ਵੀ ਇਸ ਨੂੰ ਧਿਆਨ 'ਚ ਰੱਖਦੇ ਹੋਏ ਹੋਰ ਕਦਮ ਚੁੱਕੇਗਾ। ਬੀ20 ਇੰਡੀਆ ਦੇ ਪ੍ਰਧਾਨ ਅਤੇ ਟਾਟਾ ਸੰਨਜ਼ ਦੇ ਚੇਅਰਮੈਨ ਐੱਨ ਚੰਦਰਸ਼ੇਖਰਨ ਨੇ ਕਿਹਾ ਕਿ ਉਦਯੋਗ ਦੇ ਨੇਤਾਵਾਂ ਦੁਆਰਾ ਸੱਤ ਟਾਸਕ ਫੋਰਸ ਅਤੇ ਦੋ ਕਾਰਜ ਸਮੂਹਾਂ ਦਾ ਗਠਨ ਕੀਤਾ ਗਿਆ ਹੈ। 


author

Aarti dhillon

Content Editor

Related News