ਪੈਟਰੋਲੀਅਮ ਪਦਾਰਥਾਂ ਨੂੰ GST ਦਾਇਰੇ ''ਚ ਲਿਆਂਦਾ ਜਾਵੇ
Thursday, Jan 23, 2020 - 03:16 PM (IST)
ਇੰਦੌਰ—ਕੇਂਦਰ ਸਰਕਾਰ ਦਾ ਆਮ ਬਜਟ ਪੇਸ਼ ਹੋਣ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਵਪਾਰਕ ਟੈਕਸ ਮੰਤਰੀ ਬਰਜਿੰਦਰ ਸਿੰਘ ਰਾਠੌਰ ਨੇ ਪੈਟਰੋਲੀਅਮ ਪਦਾਰਥਾਂ ਨੂੰ ਮਾਲ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਦੇ ਦਾਇਰੇ 'ਚ ਲਿਆਂਦੇ ਜਾਣ ਦੀ ਵੀਰਵਾਰ ਨੂੰ ਵਕਾਲਤ ਕੀਤੀ। ਰਾਠੌਰ ਨੇ ਕਿਹਾ ਕਿ ਮੇਰਾ ਵਿਅਕਤੀਗਤ ਰੂਪ ਨਾਲ ਸਪੱਸ਼ਟ ਮਤ ਹੈ ਕਿ ਕੇਂਦਰ ਸਰਕਾਰ ਨੂੰ ਪੈਟਰੋਲ ਅਤੇ ਡੀਜ਼ਲ ਨੂੰ ਜੀ.ਐੱਸ.ਟੀ. ਦੇ ਦਾਇਰੇ 'ਚ ਲਿਆਉਣਾ ਚਾਹੀਦਾ, ਤਾਂ ਜੋ ਦੇਸ਼ ਦੇ ਗਰੀਬਾਂ, ਕਿਸਾਨਾਂ ਅਤੇ ਆਮ ਲੋਕਾਂ ਨੂੰ ਫਾਇਦਾ ਹੋਵੇ। ਵਰਣਨਯੋਗ ਹੈ ਕਿ ਪੈਟਰੋਲੀਅਮ ਪਦਾਰਥਾਂ ਦੇ ਜੀ.ਐੱਸ.ਟੀ. ਦੇ ਦਾਇਰੇ ਤੋਂ ਬਾਹਰ ਹੋਣ ਦੇ ਕਾਰਨ ਸੂਬਾ ਸਰਕਾਰਾਂ ਇਨ੍ਹਾਂ 'ਤੇ ਵੱਖ-ਵੱਖ ਦਰਾਂ ਨਾਲ ਵੈਟ ਅਤੇ ਹੋਰ ਟੈਕਸ-ਉਪ ਟੈਕਸ ਵਸੂਲ ਰਹੀ ਹੈ। ਇਸ ਵਸੂਲੀ ਦਾ ਸੂਬਾ ਸਰਕਾਰਾਂ 'ਤੇ ਟੈਕਸ ਰਾਜਸਵ 'ਚ ਵੱਡਾ ਯੋਗਦਾਨ ਹੈ। ਜੀ.ਐੱਸ.ਟੀ. ਪ੍ਰਣਾਲੀ ਦਾ ਗਠਨ ਜਲਦਬਾਜ਼ੀ 'ਚ ਕੀਤਾ ਗਿਆ ਸੀ। ਇਸ ਦੇ ਚੱਲਦੇ ਜੀ.ਐੱਸ.ਟੀ. ਪ੍ਰੀਸ਼ਦ ਨੂੰ ਇਸ ਪ੍ਰਣਾਲੀ 'ਚ ਵਾਰ-ਵਾਰ ਸੰਸ਼ੋਧਨ ਕਰਨੇ ਪੈ ਰਹੇ ਹਨ। ਟੈਕਸ ਰਾਜਸਵ 'ਤੇ ਆਰਥਿਕ ਸੁਸਤੀ ਦੇ ਅਸਰ ਦੇ ਬਾਰੇ 'ਚ ਪੁੱਛੇ ਜਾਣ 'ਤੇ ਰਾਠੌਰ ਨੇ ਕਿਹਾ ਕਿ ਦੇਸ਼ ਦੇ ਆਰਥਿਕ ਹਾਲਾਤ ਨਿਸ਼ਚਿਤ ਤੌਰ 'ਤੇ ਬਹੁਤ ਚੰਗੇ ਨਹੀਂ ਚੱਲ ਰਹੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਆਪਣੇ ਅਗਲੇ ਬਜਟ 'ਚ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੇਗੀ ਕਿ ਮੌਜੂਦਾ ਹਾਲਾਤ ਤੋਂ ਕਿੰਝ ਨਿਪਟਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਜਿਥੇ ਤੱਕ ਮੱਧ ਪ੍ਰਦੇਸ਼ ਦਾ ਸਵਾਲ ਹੈ, ਅਸੀਂ ਆਪਣੇ ਪੱਧਰ 'ਤੇ ਕਮੀਆਂ ਨੂੰ ਦੂਰ ਕਰਦੇ ਹੋਏ ਟੈਕਸ ਰਾਜਸਵ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।