‘ਕਰੂਡ ਦੀਆਂ ਉੱਚੀਆਂ ਕੀਮਤਾਂ ਨੇ ਵਧਾਈ ਭਾਰਤ ਦੀ ਚਿੰਤਾ, ਪੈਟਰੋਲੀਅਮ ਮੰਤਰੀ ਨੇ ਸਾਊਦੀ ਅਰਬ, UAE ਨਾਲ ਕੀਤੀ ਗੱਲਬਾਤ’
Saturday, Jul 17, 2021 - 01:10 PM (IST)
ਨਵੀਂ ਦਿੱਲੀ (ਭਾਸ਼ਾ) – ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ (ਕਰੂਡ ਆਇਲ) ਦੀਆਂ ਉੱਚੀਆਂ ਕੀਮਤਾਂ ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਓਪੇਕ ਦੇਸ਼ਾਂ ਨੂੰ ਭਾਰਤ ਦੀ ਚਿੰਤਾ ਬਾਰੇ ਦੱਸਿਆ ਹੈ। ਉਨ੍ਹਾਂ ਨੇ ਓਪੇਕ ਦੇ ਪ੍ਰਮੁੱਖ ਮੈਂਬਰ ਦੇਸ਼ਾਂ ਨੂੰ ਫੋਨ ਕਰ ਕੇ ਕਿਹਾ ਹੈ ਕਿ ਖਪਤਕਾਰਾਂ ਨੂੰ ਰਿਆਇਤੀ ਕੀਮਤਾਂ ’ਤੇ ਈਂਧਨ ਮਿਲਣਾ ਚਾਹੀਦਾ ਹੈ।
ਭਾਰਤ ਦੁਨੀਆ ’ਚ ਆਇਲ ਦਾ ਤੀਜਾ ਸਭ ਤੋਂ ਵੱਡਾ ਖਪਤਕਾਰ ਦੇਸ਼ ਹੈ। ਓਪੇਕ ਪੈਟਰੋਲੀਅਮ ਉਤਪਾਦਕ ਦੇਸ਼ਾਂ ਦਾ ਸੰਗਠਨ ਹੈ। ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਚੜ੍ਹ ਰਹੀਆਂ ਹਨ। ਸ਼ੁੱਕਰਵਾਰ ਨੂੰ ਬ੍ਰੇਂਟ ਕਰੂਡ ਦਾ ਭਾਅ 73.67 ਡਾਲਰ ਪ੍ਰਤੀ ਬੈਰਲ ਪਹੁੰਚ ਗਿਆ। ਇਸ ਨਾਲ ਘਰੇਲੂ ਬਾਜ਼ਾਰ ’ਚ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ। ਦੇਸ਼ ’ਚ ਜ਼ਿਆਦਾਤਰ ਥਾਂ ਪੈਟਰੋਲ ਦਾ ਭਾਅ 100 ਰੁਪਏ ਪ੍ਰਤੀ ਲਿਟਰ ਤੋਂ ਜ਼ਿਆਦਾ ਹੋ ਗਿਆ ਹੈ।
ਇਹ ਵੀ ਪੜ੍ਹੋ : ‘IPO ਤੋਂ ਪਹਿਲਾਂ LIC ਮਾਲਾਮਾਲ, ਸਿਰਫ 3 ਮਹੀਨਿਆਂ ’ਚ 10 ਹਜ਼ਾਰ ਕਰੋੜ ਰੁਪਏ ਦਾ ਰਿਕਾਰਡ ਮੁਨਾਫਾ’
ਪੁਰੀ ਨੇ ਟਵਿਟਰ ’ਤੇ ਲਿਖਿਆ ਕਿ ਸਾਊਦੀ ਅਰਬ ਦੇ ਊਰਜਾ ਮੰਤਰੀ ਸ਼ਹਿਜ਼ਾਦੇ ਅਬਦੁੱਲ ਅਜੀਜ ਬਿਨ ਸਲਮਾਨ ਅੱਲ ਸਾਊਦ ਨਾਲ ਕੌਮਾਂਤਰੀ ਊਰਜਾ ਬਾਜ਼ਾਰਾਂ ’ਚ ਦੋਪੱਖੀ ਊਰਜਾ ਸਾਂਝੇਦਾਰੀ ਅਤੇ ਵਿਕਾਸ ਨੂੰ ਮਜ਼ਬੂਤ ਕਰਨ ’ਤੇ ਗਰਮਜੋਸ਼ੀ ਨਾਲ ਮੰਤਰੀ ਪੱਧਰ ਦੀ ਚਰਚਾ ਹੋਈ। ਮੈਂ ਕੌਮਾਂਤਰੀ ਤੇਲ ਬਾਜ਼ਾਰਾਂ ਨੂੰ ਵਧੇਰੇ ਭਰੋਸੇਮੰਦ ਅਤੇ ਸਥਿਰਤਾ ਪੂਰਨ ਬਣਾਉਣ ਲਈ ਅਤੇ ਖਣਿਜ ਤੇਲਾਂ ਦੀਆਂ ਦਰਾਂ ਨੂੰ ਵਧੇਰੇ ਰਿਆਇਤੀ ਬਣਾਉਣ ਲਈ ਸ਼ਹਿਜ਼ਾਦੇ ਅਬਦੁੱਲ ਅਜੀਜ ਨਾਲ ਕੰਮ ਕਰਨ ਦੀ ਆਪਣੀ ਇੱਛਾ ਪ੍ਰਗਟਾਈ।
ਸਾਊਦੀ ਅਰਬ ਦੁਨੀਆ ’ਚ ਕੱਚੇ ਤੇਲ ਦਾ ਸਭ ਤੋਂ ਵੱਡਾ ਬਰਾਮਦਕਾਰ
ਸਾਊਦੀ ਅਰਬ ਦੁਨੀਆ ’ਚ ਕੱਚੇ ਤੇਲ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ ਅਤੇ ਈਰਾਕ ਤੋਂ ਬਾਅਦ ਭਾਰਤ ਲਈ ਦੂਜਾ ਸਭ ਤੋਂ ਵੱਡਾ ਸ੍ਰੋਥ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਚਿੰਤਤ ਭਾਰਤ ਪੱਛਮੀ ਏਸ਼ੀਆ ਦੇ ਪ੍ਰਮੁੱਖ ਤੇਲ ਉਤਪਾਦਕ ਦੇਸ਼ਾਂ ਨਾਲ ਬਰਾਬਰ ਸੰਪਰਕ ਕਰ ਰਿਹਾ ਹੈ। ਪੁਰੀ ਨੇ 14 ਜੁਲਾਈ ਨੂੰ ਸੰਯੁਕਤ ਅਰਬ ਅਮੀਰਾਤ ਦੇ ਉਦਯੋਗ ਮੰਤਰੀ ਅਤੇ ਅਬੂਧਾਬੀ ਨੈਸ਼ਨਲ ਆਇਲ ਕੰਪਨੀ (ਐੱਡਨਾਕ) ਦੇ ਸੀ. ਈ. ਓ. ਅਹਿਮਦ ਅਲ ਜਾਬੇਰ ਨੂੰ ਫੋਨ ਕਰ ਕੇ ਤੇਲ ਦੀਆਂ ਕੀਮਤਾਂ ਨੂੰ ਘੱਟ ਕਰਨ ’ਚ ਮਦਦ ਮੰਗੀ ਸੀ।
ਇਹ ਵੀ ਪੜ੍ਹੋ : Air India ਨੂੰ ਮੁੜ ਤੋਂ ਖ਼ਰੀਦਣਾ TATA ਲਈ ਨਹੀਂ ਹੋਵੇਗਾ ਆਸਾਨ, ਇਹ ਵਿਅਕਤੀ ਬਣ ਸਕਦਾ ਹੈ ਮੁਸੀਬਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।