ਪੈਟਰੋਲ-ਡੀਜ਼ਲ ਚੌਥੇ ਦਿਨ ਹੋਏ ਸਸਤੇ, ਲੋਕਾਂ ਨੂੰ ਮਿਲੀ ਰਾਹਤ!
Saturday, Jun 02, 2018 - 03:44 PM (IST)

ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਹੈ। ਸ਼ਨੀਵਾਰ ਨੂੰ ਦੇਸ਼ ਦੇ ਚਾਰ ਵੱਡੇ ਸ਼ਹਿਰਾਂ 'ਚ ਪੈਟਰੋਲ 9 ਪੈਸੇ ਅਤੇ ਡੀਜ਼ਲ ਵੀ 9 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ। 4 ਦਿਨਾਂ 'ਚ ਪੈਟਰੋਲ 23 ਪੈਸੇ ਅਤੇ ਡੀਜ਼ਲ 20 ਪੈਸੇ ਪ੍ਰਤੀ ਲੀਟਰ ਸਸਤਾ ਹੋ ਚੁੱਕਾ ਹੈ। ਪੈਟਰੋਲ-ਡੀਜ਼ਲ ਕੀਮਤਾਂ ਲਗਾਤਾਰ ਵਧਣ 'ਤੇ ਲੱਗੀ ਲਗਾਮ ਨਾਲ ਲੋਕਾਂ ਨੂੰ ਥੋੜ੍ਹੀ ਰਾਹਤ ਹੈ ਪਰ ਹਾਲੇ ਵੀ ਕੀਮਤਾਂ ਦਾ ਪੱਧਰ ਉੱਚਾ ਹੈ। ਸ਼ਨੀਵਾਰ ਦਿੱਲੀ 'ਚ ਪੈਟਰੋਲ ਦੀ ਕੀਮਤ 78.20 ਰੁਪਏ ਅਤੇ ਡੀਜ਼ਲ ਦੀ 69.11 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ। ਉੱਥੇ ਹੀ ਗਿਰਾਵਟ ਦੇ ਬਾਅਦ ਵੀ ਮੁੰਬਈ 'ਚ ਪੈਟਰੋਲ ਦੇ ਰੇਟ ਸਭ ਤੋਂ ਜ਼ਿਆਦਾ ਬਣੇ ਹੋਏ ਹਨ। ਮੁੰਬਈ 'ਚ ਪੈਟਰੋਲ 86.01 ਰੁਪਏ ਅਤੇ ਡੀਜ਼ਲ 73.58 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਪਹਿਲਾਂ 16 ਦਿਨ 'ਚ ਪੈਟਰੋਲ ਤਕਰੀਬਨ 4 ਰੁਪਏ ਅਤੇ ਡੀਜ਼ਲ 3.62 ਰੁਪਏ ਮਹਿੰਗਾ ਹੋਇਆ ਸੀ।
ਉੱਥੇ ਹੀ ਪਿਛਲੇ ਕੁਝ ਦਿਨਾਂ ਦੌਰਾਨ ਕੱਚੇ ਤੇਲ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਸ਼ੁੱਕਰਵਾਰ ਨੂੰ ਅਮਰੀਕੀ ਡਬਲਿਊ. ਟੀ. ਆਈ. ਕੱਚਾ ਤੇਲ 1.23 ਡਾਲਰ ਡਿੱਗ ਕੇ 65.81 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਇਕ ਹਫਤੇ 'ਚ ਅਮਰੀਕੀ ਤੇਲ ਤਕਰੀਬਨ 3 ਫੀਸਦੀ ਸਸਤਾ ਹੋਇਆ ਹੈ। ਬ੍ਰੈਂਟ ਕੱਚਾ ਤੇਲ ਵੀ ਹਫਤੇ ਦੇ ਅਖੀਰ 'ਚ 77 ਸੈਂਟ ਘੱਟ ਕੇ 76.79 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ ਪਰ ਹਫਤੇ ਦੇ ਆਧਾਰ 'ਤੇ ਇਸ 'ਚ 0.4 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਬਾਜ਼ਾਰ ਮਾਹਰਾਂ ਦੀ ਮੰਨੀਏ ਤਾਂ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਜੋ ਗਿਰਾਵਟ ਹੈ ਉਸ ਦਾ ਅਸਰ ਭਾਰਤ 'ਚ ਕੁਝ ਦਿਨਾਂ ਬਾਅਦ ਦਿਸੇਗਾ ਪਰ ਇਸ ਵਿਚਕਾਰ ਜੇਕਰ ਕੱਚਾ ਤੇਲ ਮਹਿੰਗਾ ਹੁੰਦਾ ਹੈ ਤਾਂ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਹੀ ਰਾਹਤ ਦੇਣ 'ਤੇ ਵਿਚਾਰ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਕੇਰਲ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਕੀਮਤਾਂ 1 ਰੁਪਏ ਘੱਟ ਕਰਨ ਦਾ ਫੈਸਲਾ ਕੀਤਾ ਹੈ, ਜੋ 1 ਜੂਨ ਤੋਂ ਲਾਗੂ ਹੋ ਗਈਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਆਈ. ਓ. ਸੀ. ਦੇ ਪੰਪ 'ਤੇ ਜਲੰਧਰ 'ਚ ਪੈਟਰੋਲ ਦੀ ਕੀਮਤ 83 ਰੁਪਏ 46 ਪੈਸੇ ਦਰਜ ਕੀਤੀ ਗਈ। ਪੰਜਾਬ 'ਚ ਪੈਟਰੋਲ 'ਤੇ 35.35 ਫੀਸਦੀ ਵੈਟ ਹੋਣ ਕਾਰਨ ਇਹ ਗੁਆਂਢੀ ਸੂਬਿਆਂ ਨਾਲੋਂ ਮਹਿੰਗਾ ਹੈ।