ਮਹਿੰਗਾ ਹੋ ਸਕਦਾ ਹੈ ਪੈਟਰੋਲ-ਡੀਜ਼ਲ, ਵਧ ਸਕਦੈ ਕੱਚੇ ਤੇਲ ਦਾ ਭਾਅ

12/09/2019 11:29:23 AM

ਨਵੀਂ ਦਿੱਲੀ — ਕੱਚਾ ਤੇਲ ਉਤਪਾਦਕ ਅਤੇ ਨਿਰਯਾਤਕ ਦੇਸ਼ਾਂ ਦੇ ਸੰਗਠਨ ਓਪੇਕ(OPEC) ਵਲੋਂ ਫਿਰ 5 ਲੱਖ ਬੈਰਲ ਰੋਜ਼ਾਨਾ ਤੇਲ ਦੇ ਉਤਪਾਦਨ ਵਿਚ ਕਟੌਤੀ ਕਰਨ ਦੇ ਫੈਸਲੇ ਨਾਲ ਪਿਛਲੇ ਦਿਨੀਂ ਕੱਚੇ ਤੇਲ ਦੇ ਭਾਅ 'ਚ ਕਰੀਬ 4 ਡਾਲਰ ਪ੍ਰਤੀ ਬੈਰਲ ਦਾ ਵਾਧਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਕੀਮਤਾਂ ਵਿਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦਾ ਭਾਅ ਵਧਣ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਤੈਅ ਹੈ ਕਿਉਂਕਿ ਭਾਰਤ ਆਪਣੀ ਤੇਲ ਖਪਤ ਲਈ ਮੁੱਖ ਰੂਪ ਨਾਲ ਆਯਾਤ 'ਤੇ ਨਿਰਭਰ ਕਰਦਾ ਹੈ।

ਅੰਤਰਰਾਸ਼ਟਰੀ ਬਜ਼ਾਰ ਵਿਚ ਬੀਤੇ ਹਫਤੇ ਬ੍ਰੇਂਟ ਕਰੂਡ ਦਾ ਭਾਅ 64.88 ਡਾਲਰ ਪ੍ਰਤੀ ਬੈਰਲ ਤੱਕ ਉਛਲਿਆ, ਜੋ ਕਿ 23 ਸਤੰਬਰ ਦੇ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਮਾਹਰਾਂ ਦਾ ਕਹਿਣਾ ਹੈ ਕਿ ਉਪੇਕ ਨੇ ਅਗਲੇ ਸਾਲ ਜਨਵਰੀ ਤੋਂ ਪੰਜ ਲੱਖ ਬੈਰਲ ਰੋਜ਼ਾਨਾ ਅਤੇ ਤੇਲ ਦੇ ਉਤਪਾਦਨ 'ਚ ਕਟੌਤੀ ਦਾ ਫੈਸਲਾ ਲਿਆ ਹੈ ਜਦੋਂਕਿ ਸੰਗਠਨ 12 ਲੱਖ ਬੈਰਲ ਰੌਜ਼ਾਨਾ ਦੀ ਕਟੌਤੀ ਪਹਿਲਾ ਤੋਂ ਕਰ ਰਿਹਾ ਹੈ। ਅਜਿਹੇ 'ਚ ਆਉਣ ਵਾਲੇ ਦਿਨਾਂ ਵਿਚ ਤੇਲ ਦੀਆਂ ਕੀਮਤਾਂ ਵਿਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ।

ਮਾਹਰਾਂ ਨੇ ਕਿਹਾ ਕਿ ਅਮਰੀਕਾ ਅਤੇ ਚੀਨ ਦੇ ਵਿਚਕਾਰ ਵਪਾਰਕ ਮਸਲਿਆਂ ਨੂੰ ਲੈ ਕੇ ਹੋਣ ਵਾਲਾ ਕਰਾਰ ਜੇਕਰ ਸਕਾਰਾਤਮਕ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਤੇਲ ਦੀ ਖਪਤ ਮੰਗ ਵਧੇਗੀ ਜਿਸ ਨਾਲ ਬ੍ਰੇਂਟ ਕਰੂਡ ਦਾ ਭਾਅ 70 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਸਕਦਾ ਹੈ ਜਦੋਂਕਿ ਅਮਰੀਕੀ ਲਾਈਟ ਕਰੂਡ ਵੈੱਸਟ ਟੈਕਸਾਸ ਦਾ ਭਾਅ ਜਿਹੜਾ ਕਿ ਇਸ ਸਮੇਂ 60 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਹੈ ਉਹ 60-65 ਡਾਲਰ ਪ੍ਰਤੀ ਬੈਰਲ ਤੱਕ ਜਾ ਸਕਦਾ ਹੈ। 

ਮਾਹਰਾਂ ਅਨੁਸਾਰ ਬ੍ਰੇਂਡ ਕਰੂਡ ਦਾ ਭਾਅ ਇਸ ਮਹੀਨੇ 60-65 ਡਾਲਰ ਪ੍ਰਤੀ ਬੈਰਲ ਰਹਿ ਸਕਦਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਠੰਡ ਜ਼ਿਆਦਾ ਵਧਣ ਦੇ ਕਾਰਨ ਜੇਕਰ ਤੇਲ ਦੀ ਖਪਤ ਵਧਦੀ ਹੈ ਤਾਂ ਕੀਮਤਾਂ ਵਿਚ ਤੇਜ਼ੀ ਆ ਸਕਦੀ ਹੈ। ਬੀਤੇ ਕਰੀਬ ਡੇਢ ਮਹੀਨੇ ਤੋਂ ਬ੍ਰੇਂਡ ਕਰੂਡ ਦਾ ਭਾਅ 60-65 ਡਾਲਰ ਦੇ ਦਾਇਰੇ ਵਿਚ ਰਿਹਾ ਹੈ। ਦੋ ਅਕਤੂਬਰ ਨੂੰ ਬੇਂਟ ਕਰੂਡ ਦਾ ਭਾਅ 60.82 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ ਸੀ।
 


Related News