1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਪੈਟਰੋਲ ਤੇ ਡੀਜ਼ਲ, ਲੱਗੇਗਾ ਇੰਨਾ ਚਾਰਜ

02/29/2020 8:09:03 AM

ਨਵੀਂ ਦਿੱਲੀ—  ਬੀ. ਐੱਸ.-6 ਈਂਧਣ ਦੇ ਉਤਪਾਦਨ ਅਤੇ ਸਪਲਾਈ ਲਈ ਕੀਤੇ ਗਏ ਨਿਵੇਸ਼ ਦੀ ਭਰਪਾਈ ਲਈ 1 ਅਪ੍ਰੈਲ ਤੋਂ ਪੈਟਰੋਲ-ਡੀਜ਼ਲ ਮਹਿੰਗਾ ਹੋਣ ਜਾ ਰਿਹਾ ਹੈ। ਸਭ ਤੋਂ ਵੱਡੀ ਤੇਲ ਸਪਲਾਇਰ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਨੇ ਆਪਣੀਆਂ ਰਿਫਾਈਨਰੀਆਂ ਨੂੰ ਅਪਗ੍ਰੇਡ ਕਰਨ ਲਈ 17,000 ਕਰੋੜ ਰੁਪਏ ਖਰਚ ਕੀਤੇ ਹਨ। ਇਸ ਨਾਲ ਪੈਟਰੋਲ-ਡੀਜ਼ਲ ਦੀਆਂ ਪ੍ਰਚੂਨ ਕੀਮਤਾਂ 'ਚ ਮਾਮੂਲੀ ਵਾਧਾ ਹੋਵੇਗਾ।



ਆਈ. ਓ. ਸੀ. ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ ਕਿ 1 ਅਪ੍ਰੈਲ ਤੋਂ ਈਂਧਣ ਦੀਆਂ ਪ੍ਰਚੂਨ ਕੀਮਤਾਂ 'ਚ ਮਾਮੂਲੀ ਵਾਧਾ ਹੋਵੇਗਾ। ਇਸ 'ਚ ਸਲਫਰ ਦੀ ਮਾਤਰਾ ਬੇਹੱਦ ਘੱਟ ਹੋਵੇਗੀ। ਸਿੰਘ ਨੇ ਕਿਹਾ, ''ਮੈਂ ਤੁਹਾਨੂੰ ਭਰੋਸਾ ਦਿੰਦਾਂ ਹਾਂ, ਅਸੀਂ ਗਾਹਕਾਂ 'ਤੇ ਬੋਝ ਨਹੀਂ ਪਾਵਾਂਗੇ।''
ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ (ਓ. ਐੱਮ. ਸੀ.) ਨੇ ਆਪਣੀਆਂ ਰਿਫਾਈਨਰੀਆਂ ਨੂੰ ਅਪਗ੍ਰੇਡ ਕਰਨ ਲਈ 35,000 ਕਰੋੜ ਦਾ ਨਿਵੇਸ਼ ਕੀਤਾ ਹੈ, ਜਿਸ 'ਚੋਂ 17,000 ਕਰੋੜ ਇਕੱਲੇ ਆਈ. ਓ. ਸੀ. ਨੇ ਕੀਤਾ ਹੈ। ਓ. ਐੱਨ. ਜੀ. ਸੀ. ਦੀ ਤੇਲ ਕੰਪਨੀ ਐੱਚ. ਪੀ. ਸੀ. ਐੱਲ. ਨੇ ਅਜੇ ਤੱਕ ਬੀ. ਐੱਸ.-6 ਸਪਲਾਈ 'ਤੇ ਤਿਆਰੀ ਦਾ ਖੁਲਾਸਾ ਨਹੀਂ ਕੀਤਾ ਹੈ। ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਨੇ ਰਿਫਾਇਨਰੀਜ਼ ਨੂੰ ਅਪਗ੍ਰੇਡ ਕਰਨ ਲਈ ਲਗਭਗ 7,000 ਕਰੋੜ ਦਾ ਨਿਵੇਸ਼ ਕੀਤਾ ਹੈ। ਇਸ ਹਿਸਾਬ ਨਾਲ ਕੰਪਨੀਆਂ ਨੂੰ ਕੀਮਤਾਂ 'ਚ 70-120 ਪੈਸੇ ਪ੍ਰਤੀ ਲਿਟਰ ਵਾਧਾ ਕਰਨਾ ਹੋਵੇਗਾ, ਜੋ ਕਿ ਸਪੈਸ਼ਲ ਡਿਊਟੀ ਜ਼ਰੀਏ ਹੋ ਸਕਦਾ ਹੈ।


Related News