ਪੈਟਰੋਲ-ਡੀਜ਼ਲ ਹੋ ਸਕਦਾ ਹੈ ਹੋਰ ਮਹਿੰਗਾ, ਟੈਕਸ ਘਟਾਉਣ ਦਾ ਪ੍ਰਸਤਾਵ ਨਹੀਂ

02/10/2021 4:42:25 PM

ਨਵੀਂ ਦਿੱਲੀ- ਪੈਟਰੋਲ-ਡੀਜ਼ਲ ਕੀਮਤਾਂ ਵਿਚ ਵਾਧਾ ਜਾਰੀ ਹੈ। ਗਲੋਬਲ ਬਾਜ਼ਾਰ ਵਿਚ ਕੱਚਾ ਤੇਲ 61 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਿਆ ਹੈ, ਲਿਹਾਜਾ ਆਉਣ ਵਾਲੇ ਦਿਨਾਂ ਵਿਚ ਰਾਹਤ ਮਿਲਦੀ ਨਹੀਂ ਦਿਸ ਰਹੀ। ਇਸ ਵਿਚਕਾਰ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਰਾਜ ਸਭਾ ਨੂੰ ਦੱਸਿਆ ਹੈ ਕਿ ਪੈਟਰੋਲ ਤੇ ਡੀਜ਼ਲ 'ਤੇ ਫਿਲਹਾਲ ਟੈਕਸ ਘਟਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਜ਼ਰੂਰਤਾਂ ਤੇ ਬਾਜ਼ਾਰ ਦੀ ਸਥਿਤੀ ਵਰਗੇ ਕਈ ਕਾਰਕਾਂ ਦੇ ਆਧਾਰ 'ਤੇ ਟੈਕਸ ਵਧਾਉਣ ਜਾਂ ਘਟਾਉਣ ਦਾ ਫ਼ੈਸਲਾ ਲਿਆ ਜਾਂਦਾ ਹੈ।

ਸਰਕਾਰ ਨੇ ਪਿਛਲੇ ਸਾਲ ਮਾਰਚ ਵਿਚ ਉਸ ਸਮੇਂ ਐਕਸਾਈਜ਼ ਡਿਊਟੀ ਵਿਚ ਵਾਧਾ ਕੀਤਾ ਸੀ, ਜਦੋਂ ਕੱਚਾ ਤੇਲ ਕਾਫ਼ੀ ਸਸਤਾ ਸੀ। ਅਪ੍ਰੈਲ ਵਿਚ ਕੱਚੇ ਤੇਲ ਦੀ ਕੀਮਤ 19 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੱਕ ਆ ਗਈ ਸੀ। ਉੱਥੇ ਹੀ, ਹੁਣ ਇਹ 61 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈ ਹੈ। ਇਸ ਵਿਚਕਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਇਨ੍ਹਾਂ ਦੀਆਂ ਕੀਮਤਾਂ ਨਵੀਂ ਉਚਾਈ 'ਤੇ ਪਹੁੰਚ ਗਈਆਂ ਹਨ। ਦਿੱਲੀ ਵਿਚ ਪੈਟਰੋਲ 88 ਅਤੇ ਮੁੰਬਈ ਵਿਚ 100 ਰੁਪਏ ਵੱਲ ਵੱਧ ਰਿਹਾ ਹੈ। ਸਾਲ 2021 ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 14 ਵਾਰ ਵਧੀਆਂ ਹਨ, ਜਿਸ ਨਾਲ ਪੈਟਰੋਲ ਦੀਆਂ ਕੀਮਤਾਂ ਵਿਚ 3.89 ਰੁਪਏ ਅਤੇ ਡੀਜ਼ਲ ਵਿਚ 3.86 ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ।


Sanjeev

Content Editor

Related News