ਹੋਮ ਲੋਨ ਦੀ ਘੱਟ ਵਿਆਜ ਦਰ ਕਾਰਨ ਆਪਣਾ ਘਰ ਖਰੀਦ ਰਹੇ ਲੋਕ, ਰਿਆਇਤੀ ਘਰਾਂ ਦੀ ਸਭ ਤੋਂ ਜ਼ਿਆਦਾ ਮੰਗ

Friday, Apr 23, 2021 - 10:50 AM (IST)

ਹੋਮ ਲੋਨ ਦੀ ਘੱਟ ਵਿਆਜ ਦਰ ਕਾਰਨ ਆਪਣਾ ਘਰ ਖਰੀਦ ਰਹੇ ਲੋਕ, ਰਿਆਇਤੀ ਘਰਾਂ ਦੀ ਸਭ ਤੋਂ ਜ਼ਿਆਦਾ ਮੰਗ

ਨਵੀਂ ਦਿੱਲੀ (ਇੰਟ.) – ਪਿਛਲੇ ਸਾਲ ਮਾਰਚ ’ਚ ਆਏ ਕੋਰੋਨਾ ਸੰਕਟ ਨੇ ਲੋਕਾਂ ਨੂੰ ਘਰ ਦੀ ਅਹਿਮੀਅਤ ਸਮਝਾ ਦਿੱਤੀ ਹੈ। ਇਹੀ ਕਾਰਨ ਹੈ ਕਿ ਲੋਕ ਆਪਣਾ ਘਰ ਖਰੀਦ ਰਹੇ ਹਨ। ਹਾਲ ਹੀ ’ਚ ਘਰਾਂ ਦੀ ਵਿਕਰੀ ’ਚ ਆਈ ਤੇਜ਼ੀ ਤੋਂ ਇਸ ਦਾ ਸੰਕੇਤ ਮਿਲਦਾ ਹੈ। ਰੀਅਲ ਅਸਟੇਟ ਸੈਕਟਰ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਬੀਤੇ ਕੁਝ ਮਹੀਨਿਆਂ ’ਚ ਅਫੋਰਡੇਬਲ ਯਾਨੀ ਰਿਆਇਤੀ ਘਰਾਂ ਦੀ ਮੰਗ ਵਧੀ ਹੈ। ਇਸ ਤੋਂ ਇਲਾਵਾ ਵਰਕ ਫ੍ਰਾਮ ਹੋਮ ਕਾਰਨ ਵੀ ਲੋਕ ਘਰ ਖਰੀਦਣ ਲਈ ਆਕਰਸ਼ਿਤ ਹੋ ਰਹੇ ਹਨ।

ਇਕ ਤਾਜ਼ਾ ਰਿਪੋਰਟ ਮੁਤਾਬਕ ਜਨਵਰੀ-ਮਾਰਚ 2021 ਤਿਮਾਹੀ ’ਚ ਦਿੱਲੀ-ਐੱਨ. ਸੀ. ਆਰ. ’ਚ ਘਰਾਂ ਦੀ ਵਿਕਰੀ 10 ਫੀਸਦੀ ਵਧ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਹੋਮ ਲੋਨ ਦੀ ਘੱਟ ਵਿਆਜ ਦਰਾਂ ਕਾਰਨ ਘਰਾਂ ਦੀ ਵਿਕਰੀ ’ਚ ਸੁਧਾਰ ਹੋਇਆ ਹੈ। ਕੈਲੰਡਰ ਸਾਲ 2021 ਦੇ ਪਹਿਲੇ ਤਿੰਨ ਮਹੀਨਿਆਂ ’ਚ ਘਰਾਂ ਦੀ ਔਸਤ ਕੀਮਤ ’ਚ ਕੋਈ ਵਾਧਾ ਨਹੀਂ ਹੋਇਆ ਹੈ। ਨਵੇਂ ਪ੍ਰਾਜੈਕਟ ਦੀ ਲਾਂਚਿੰਗ ਪ੍ਰੀ-ਕੋਵਿਡ ਪੱਧਰ ’ਤੇ ਪਹੁੰਚ ਗਈ ਹੈ। ਬੀਤੇ ਤਿੰਨ ਮਹੀਨਿਆਂ ’ਚ 16 ਨਵੇਂ ਪ੍ਰਾਜੈਕਟ ਲਾਂਚ ਹੋਏ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਪ੍ਰਾਜੈਕਟ ਅਫੋਰਡੇਬਲ ਸੈਗਮੈਂਟ ਨਾਲ ਜੁੜੇ ਹਨ।

ਪ੍ਰੀ-ਕੋਵਿਡ ਪੱਧਰ ’ਤੇ ਪਹੁੰਚੀ ਰਿਹਾਇਸ਼ੀ ਇਕਾਈਆਂ ਦੀ ਵਿਕਰੀ

ਰੀਅਲ ਅਸਟੇਟ ਸਰਵਿਸਿਜ਼ ਫਰਮ ਜੇ. ਐੱਲ. ਐੱਲ. ਦੀ ਹਾਲ ਹੀ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੇ ਟੌਪ-7 ਸ਼ਹਿਰਾਂ ’ਚ ਰਿਹਾਇਸ਼ੀ ਘਰਾਂ ਦੀ ਵਿਕਰੀ ਪ੍ਰੀ-ਕੋਵਿਡ ਦੇ 90 ਫੀਸਦੀ ਦੇ ਬਰਾਬਰ ਪਹੁੰਚ ਗਈ ਹੈ। ਜੇ. ਐੱਲ. ਐੱਲ. ਮੁਤਾਬਕ ਜਨਵਰੀ ਤੋਂ ਮਾਰਚ 2021 ਦੌਰਾਨ ਟੌਪ-7 ਸ਼ਹਿਰਾਂ ’ਚ ਕੁੱਲ 25,583 ਰਿਹਾਇਸ਼ੀ ਇਕਾਈਆਂ ਦੀ ਵਿਕਰੀ ਰਹੀ ਹੈ। ਇਕ ਸਾਲ ਪਹਿਲਾਂ ਇਸੇ ਮਿਆਦ ’ਚ 27,451 ਇਕਾਈਆਂ ਦੀ ਵਿਕਰੀ ਹੋਈ ਸੀ। 2021 ਦੀ ਪਹਿਲੀ ਤਿਮਾਹੀ ’ਚ 33,953 ਨਵੀਆਂ ਯੂਨਿਟਸ ਲਾਂਚ ਹੋਈਆਂ ਹਨ। ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ ਨਵੀਆਂ ਯੂਨਿਟ ਲਾਂਚਿੰਗ ’ਚ 27 ਫੀਸਦੀ ਦੀ ਗ੍ਰੋਥ ਰਹੀ ਹੈ।

ਸਰਕਾਰੀ ਯਤਨਾਂ ਅਤੇ ਹੋਮ ਲੋਨ ’ਤੇ ਘੱਟ ਵਿਆਜ ਦਰਾਂ ਕਾਰਨ ਵਧੀ ਵਿਕਰੀ

ਰੀਅਲ ਅਸਟੇਟ ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਚੁੱਕੇ ਗਏ ਕਦਮਾਂ ਅਤੇ ਹੋਮ ਲੋਨ ’ਤੇ ਵਿਆਜ ਦੀਆਂ ਘੱਟ ਦਰਾਂ ਕਾਰਨ ਬੀਤੇ ਕੁਝ ਮਹੀਨਿਆਂ ’ਚ ਘਰਾਂ ਦੀ ਵਿਕਰੀ ਵਧੀ ਹੈ। ਇਸ ’ਚ ਵੀ ਅਫੋਰਡੇਬਲ ਸੈਗਮੈਂਟ ’ਚ ਘਰਾਂ ਦੀ ਵਿਕਰੀ ਵਧੀ ਹੈ। ਕੋਰੋਨਾ ਦੌਰਾਨ ਵਿਕਰੀ ਵਧਾਉਣ ਲਈ ਕਈ ਸੂਬਿਆਂ ਨੇ ਸਟਾਂਪ ਡਿਊਟੀ ’ਚ ਕਟੌਤੀ ਕੀਤੀ ਸੀ। ਇਸ ਤੋਂ ਇਲਾਵਾ 45 ਲੱਖ ਰੁਪਏ ਤੱਕ ਦੇ ਰਿਆਇਤੀ ਘਰਾਂ ’ਤੇ ਜੀ. ਐੱਸ. ਟੀ. ਦਰ ਨੂੰ 8 ਤੋਂ ਘਟਾ ਕੇ 1 ਫੀਸਦੀ ਕੀਤਾ ਗਿਆ ਹੈ।


author

Harinder Kaur

Content Editor

Related News