PAYTM ਦਾ ਦੁਕਾਨਦਾਰਾਂ ਨੂੰ ਤੋਹਫ਼ਾ, ਪੇਮੈਂਟ ਲੈਣ ''ਤੇ ਨਹੀਂ ਲੱਗੇਗਾ ਚਾਰਜ
Tuesday, Dec 01, 2020 - 07:42 PM (IST)
ਮੁੰਬਈ— ਹੁਣ ਪੇਟੀਐੱਮ ਦੇ ਇਸਤੇਮਾਲ ਕਰਨ ਵਾਲੇ ਦੁਕਾਨਦਾਰਾਂ ਨੂੰ 'ਪੇਟੀਐੱਮ ਵਾਲਿਟ', ਯੂ. ਪੀ. ਆਈ. ਐਪਸ ਤੇ ਰੁਪੈ ਕਾਰਡ ਜ਼ਰੀਏ ਪੇਮੈਂਟ ਸਵੀਕਾਰ ਕਰਨ 'ਤੇ ਕੋਈ ਚਾਰਜ ਨਹੀਂ ਦੇਣਾ ਪਵੇਗਾ। ਕੰਪਨੀ ਨੇ ਮੰਗਲਵਾਰ ਨੂੰ ਸਾਰੇ ਚਾਰਜ ਮੁਆਫ਼ ਕਰਨ ਦਾ ਐਲਾਨ ਕੀਤਾ ਹੈ।
ਪੇਟੀਐੱਮ ਨੇ ਬੈਂਕਾਂ ਵੱਲੋਂ ਐੱਮ. ਡੀ. ਆਰ. ਅਤੇ ਹੋਰ ਚਾਰਜਾਂ ਦੇ ਰੂਪ 'ਚ ਚਾਰਜ ਕੀਤੇ ਗਏ ਸਾਲਾਨਾ 600 ਕਰੋੜ ਰੁਪਏ ਦਾ ਬੋਝ ਖ਼ੁਦ ਹੀ ਸਹਿਣ ਕਰਨ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਮਹਾਮਾਰੀ ਦੌਰਾਨ ਐੱਮ. ਐੱਸ. ਐੱਮ. ਈ. ਯਾਨੀ ਛੋਟੇ ਕਾਰੋਬਾਰਾਂ ਨੂੰ ਸਮਰਥਨ ਦਿੱਤਾ ਜਾ ਸਕੇ।
ਇਸ ਕਦਮ ਨਾਲ ਪੇਟੀਐੱਮ ਪਲੇਟਫਾਰਮ ਦਾ ਇਸਤੇਮਾਲ ਕਰਨ ਵਾਲੇ 1.7 ਕਰੋੜ ਤੋਂ ਵੱਧ ਦੁਕਾਨਦਾਰਾਂ ਨੂੰ ਫਾਇਦਾ ਹੋਵੇਗਾ, ਜੋ ਆਪਣੇ ਗਾਹਕਾਂ ਤੋਂ ਭੁਗਤਾਨ ਸਵੀਕਾਰ ਕਰਨ ਲਈ ਪੇਟੀਐੱਮ ਆਲ-ਇਨ-ਵਨ ਕਿਊਆਰ, ਪੇਟੀਐੱਮ ਸਾਊਂਡਬਾਕਸ ਅਤੇ ਪੇਟੀਐੱਮ ਆਲ-ਇਨ-ਵਨ ਐਂਡਰਾਇਡ ਪੀ. ਓ. ਐੱਸ. ਦੀ ਵਰਤੋਂ ਕਰਦੇ ਹਨ।
ਇਕ ਬਿਆਨ 'ਚ ਪੇਟੀਐੱਮ ਦੇ ਸੀਨੀਅਰ ਉਪ ਮੁਖੀ ਕੁਮਾਰ ਆਦਿੱਤਿਆ ਨੇ ਕਿਹਾ, ''ਅਸੀਂ ਆਪਣੇ ਵਪਾਰੀ ਭਾਈਵਾਲਾਂ ਨੂੰ ਉਨ੍ਹਾਂ ਦੇ ਕਾਰੋਬਾਰ ਦੇ ਵਿਸਥਾਰ ਕਰਨ 'ਚ ਮਦਦ ਕਰਨ ਲਈ ਐੱਮ. ਡੀ. ਆਰ. ਦਾ ਬੋਝ ਖ਼ੁਦ ਸਹਿਣ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਨਾਲ ਦੁਕਾਨਦਾਰ ਡਿਜੀਟਲ ਭੁਗਤਾਨਾਂ ਨੂੰ ਸਵੀਕਾਰ ਕਰਨ ਲਈ ਉਤਸ਼ਾਹਤ ਹੋਣਗੇ ਅਤੇ ਇਸ ਨਾਲ ਡਿਜੀਟਲ ਇੰਡੀਆ ਨੂੰ ਸਮਰਥਨ ਮਿਲੇਗਾ।''