300 ਕਰਮਚਾਰੀ ਮਿਲ ਕੇ ਖਰੀਦਣਗੇ ਪਵਨ ਹੰਸ 'ਚ ਹਿੱਸੇਦਾਰੀ

Saturday, Dec 09, 2017 - 01:34 PM (IST)

300 ਕਰਮਚਾਰੀ ਮਿਲ ਕੇ ਖਰੀਦਣਗੇ ਪਵਨ ਹੰਸ 'ਚ ਹਿੱਸੇਦਾਰੀ

ਨਵੀਂ ਦਿੱਲੀ— ਸਰਕਾਰੀ ਹੈਲੀਕਾਪਟਰ ਆਪਰੇਟਰ ਪਵਨ ਹੰਸ ਦੇ 300 ਤੋਂ ਵਧ ਕਰਮਚਾਰੀਆਂ ਦਾ ਸੰਗਠਨ ਕੰਪਨੀ 'ਚ ਸਰਕਾਰ ਦੀ 51 ਫੀਸਦੀ ਹਿੱਸੇਦਾਰੀ ਖਰੀਦਣ ਦੇ ਪ੍ਰਸਤਾਵ ਤਿਆਰ ਕਰ ਰਿਹਾ ਹੈ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਇਕ ਉੱਚ ਸੂਤਰ ਨੇ ਦੱਸਿਆ ਕਿ ਕਰਮਚਾਰੀਆਂ ਵੱਲੋਂ ਬੋਲੀ ਲਗਾਏ ਜਾਣ ਦਾ ਇਕ ਪ੍ਰਬੰਧ ਹੈ ਅਤੇ ਉਹ ਇਕ ਪ੍ਰਸਤਾਵ ਤਿਆਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਕਰਮਚਾਰੀਆਂ ਨੇ ਹਿੱਸੇਦਾਰੀ ਖਰੀਦ ਲਈ ਤਾਂ ਇਹ ਇਤਿਹਾਸਕ ਕਦਮ ਹੋਵੇਗਾ।
ਸਰਬ ਭਾਰਤੀ ਹਵਾਬਾਜ਼ੀ ਸੰਗਠਨ ਨੇ ਦੁਬਈ ਦੀ ਕੰਪਨੀ ਮਾਰਟਿਨ ਕੰਸਲਟਿੰਗ ਨੂੰ ਇਸ ਸੌਦੇ ਲਈ ਅਡਵਾਈਜ਼ਰ ਦੇ ਤੌਰ 'ਤੇ ਨਿਯੁਕਤ ਕੀਤਾ ਹੈ। ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ ਪਵਨ ਹੰਸ 'ਚ ਸਰਕਾਰ ਦੀ ਹਿੱਸੇਦਾਰੀ ਵੇਚ ਰਿਹਾ ਹੈ ਅਤੇ ਇਸ ਦੀ ਕੀਮਤ 500 ਕਰੋੜ ਰੁਪਏ ਦੇ ਨੇੜੇ-ਤੇੜੇ ਹੈ। 
ਕਰਮਚਾਰੀ ਕਿਸੇ ਨਿੱਜੀ ਇਕੁਇਟੀ ਫਰਮ ਨਾਲ ਸਮਝੌਤਾ ਕਰਨਗੇ ਜੋ ਉਨ੍ਹਾਂ ਵੱਲੋਂ ਸਰਕਾਰ ਦੇ ਸ਼ੇਅਰ ਖਰੀਦੇਗੀ। ਇਸ ਦੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਕਰਮਚਾਰੀ ਪਵਨ ਹੰਸ 'ਚ ਨਿਵੇਸ਼ ਲਈ ਵੱਖ-ਵੱਖ ਵਿੱਤੀ ਸੰਸਥਾਨਾਂ ਨਾਲ ਗੱਲਬਾਤ ਕਰ ਰਹੇ ਹਨ। ਪਵਨ ਹੰਸ 'ਚ ਬਾਕੀ 49 ਫੀਸਦੀ ਹਿੱਸਾ ਸਰਕਾਰੀ ਕੰਪਨੀ ਤੇਲ ਅਤੇ ਕੁਦਰਤੀ ਗੈਸ ਕਾਰਪੋਰੇਸ਼ਨ ਦਾ ਹੈ। ਸ਼ੁੱਕਰਵਾਰ ਨੂੰ ਹਿੱਸੇਦਾਰੀ ਖਰੀਦਣ 'ਚ ਦਿਲਚਸਪੀ ਜਤਾਉਣ ਦਾ ਆਖਰੀ ਦਿਨ ਸੀ। ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਰਮਚਾਰੀਆਂ ਨੇ ਉਦੋਂ ਪੁੱਛਗਿੱਛ ਲਈ ਹੋਰ ਸੱਤ ਦਿਨ ਦਾ ਸਮਾਂ ਲੈ ਲਿਆ। ਸਰਕਾਰ ਨੇ ਸੌਦਾ ਸਲਾਹਕਾਰ ਲਈ ਐੱਸ. ਬੀ. ਆਈ. ਕੈਪੀਟਲ ਮਾਰਕੀਟ ਨੂੰ ਨਿਯੁਕਤ ਕੀਤਾ ਹੈ। ਪਵਨ ਹੰਸ ਦੀ ਵਿੱਤੀ ਹਾਲਤ ਏਅਰ ਇੰਡੀਆ ਨਾਲੋਂ ਬਿਹਤਰ ਹੈ।


Related News