ਦਸੰਬਰ ’ਚ ਯਾਤਰੀ ਵਾਹਨਾਂ ਦੀ ਵਿਕਰੀ 13 ਫੀਸਦੀ ਘਟੀ
Saturday, Jan 15, 2022 - 10:39 AM (IST)
ਨਵੀਂ ਦਿੱਲੀ– ਦੇਸ਼ ’ਚ ਯਾਤਰੀ ਵਾਹਨਾਂ ਦੀ ਥੋਕ ਵਿਕਰੀ ਪਿਛਲੇ ਮਹੀਨੇ 13 ਫੀਸਦੀ ਘਟ ਕੇ 2,19,421 ਇਕਾਈ ਰਹਿ ਗਈ। ਵਾਹਨ ਨਿਰਮਾਤਾਵਾਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਇਲ ਮੈਨੂਫੈਕਚਰਰਜ਼ (ਸਿਆਮ) ਨੇ ਇਹ ਜਾਣਕਾਰੀ ਦਿੱਤੀ। ਦਸੰਬਰ 2020 ’ਚ 2,52,998 ਯਾਤਰੀ ਵਾਹਨ ਵਿਕੇ ਸਨ।
ਸਿਆਮ ਦੇ ਅੰਕੜਿਆਂ ਮੁਤਾਬਕ ਦੋ ਪਹੀਆ ਵਾਹਨਾਂ ਦੀ ਵਿਕਰੀ ਵੀ 11 ਫੀਸਦੀ ਡਿੱਗ ਕੇ 10,06,062 ਇਕਾਈ ਰਹੀ ਜੋ ਦਸੰਬਰ 2020 ’ਚ 11,27,917 ਇਕਾਈ ਸੀ। ਦਸੰਬਰ 2020 ’ਚ 7,44,237 ਮੋਟਰਸਾਈਕਲ ਵਿਕੇ ਸਨ ਜੋ ਬੀਤੇ ਦਸੰਬਰ ’ਚ 2 ਫੀਸਦੀ ਡਿੱਗ ਕੇ 7,26,587 ਰਹਿ ਗਈ। ਸਕੂਟਰ ਦੀ ਵਿਕਰੀ ਵੀ 24 ਫੀਸਦੀ ਘਟ ਕੇ 2,46,080 ਇਕਾਈ ਰਹਿ ਗਈ ਜੋ ਇਸ ਤੋਂ ਇਕ ਸਾਲ ਪਹਿਲਾਂ 3,23,757 ਇਕਾਈ ਸੀ। ਇਸ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ’ਚ ਯਾਤਰੀ ਵਾਹਨਾਂ ਦੀ ਵਿਕਰੀ 15 ਫੀਸਦੀ ਦੀ ਗਿਰਾਵਟ ਨਾਲ 7,61,124 ਇਕਾਈ ਰਹੀ ਜੋ ਇਕ ਸਾਲ ਪਹਿਲਾਂ 8,97,908 ਸੀ। ਦਸੰਬਰ ਤਿਮਾਹੀ ’ਚ ਦੋ ਪਹੀਆ ਵਾਹਨਾਂ ਦੀ ਵਿਕਰੀ 25 ਫੀਸਦੀ ਡਿੱਗ ਕੇ 35,98,299 ਰਹਿ ਗਈ ਜੋ ਇਕ ਸਾਲ ਪਹਿਲਾਂ ਇਸੇ ਮਿਆਦ ’ਚ 47,82,110 ਸੀ।
ਹਾਲਾਂਕਿ ਕਾਰੋਬਾਰੀ ਵਾਹਨਾਂ ਦੀ ਵਿਕਰੀ ’ਚ ਮਾਮੂਲੀ ਵਾਧਾ ਹੋਇਆ ਹੈ। ਬੀਤੇ ਦਸੰਬਰ ਮਹੀਨੇ ’ਚ ਇਸ ਸ਼੍ਰੇਣੀ ’ਚ 1,94, 712 ਵਾਹਨ ਵਿਕੇ ਜਦ ਕਿ ਅਕਤੂਬਰ-ਦਸੰਬਰ 2020 ’ਚ ਇਹ ਅੰਕੜਾ 1,93,034 ਵਾਹਨ ਸੀ। ਤੀਜੀ ਤਿਮਾਹੀ ’ਚ ਸਾਰੇ ਸ਼੍ਰੇਣੀ ਦੇ ਵਾਹਨਾਂ ਦੀ ਵਿਕਰੀ ’ਚ 22 ਫੀਸਦੀ ਦੀ ਕਮੀ ਆਈ ਹੈ। ਬੀਤੇ ਦਸੰਬਰ ਮਹੀਨੇ ’ਚ 46,36,549 ਵਾਹਨ ਵਿਕੇ ਜਦ ਕਿ ਦਸੰਬਰ 2020 ’ਚ 59,46,283 ਗੱਡੀਆਂ ਵਿਕੀਆਂ ਸਨ।