PAN ਨੂੰ ਆਧਾਰ ਨਾਲ ਨਹੀਂ ਕਰ ਸਕੇ ਹੋ ਲਿੰਕ ਤਾਂ ਇਹ ਹੈ ਰਾਹਤ ਭਰੀ ਖ਼ਬਰ
Saturday, Jun 26, 2021 - 08:02 AM (IST)
ਨਵੀਂ ਦਿੱਲੀ- ਜੇਕਰ ਕਿਸੇ ਕਾਰਨ ਤੁਸੀਂ ਹੁਣ ਤੱਕ ਆਪਣਾ ਪੈਨ ਨੰਬਰ ਆਧਾਰ ਨੰਬਰ ਨਾਲ ਨਹੀਂ ਲਿੰਕ ਕੀਤਾ ਹੈ ਤਾਂ ਤੁਹਾਡੇ ਲਈ ਰਾਹਤ ਦੀ ਖ਼ਬਰ ਹੈ। ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਆਖਰੀ ਤਾਰੀਖ਼ 3 ਮਹੀਨਿਆਂ ਲਈ ਹੋਰ ਵਧਾ ਕੇ 30 ਸਤੰਬਰ ਕਰ ਦਿੱਤੀ ਹੈ, ਜੋ 30 ਜੂਨ ਨੂੰ ਸਮਾਪਤ ਹੋਣ ਵਾਲੀ ਸੀ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਇਹ ਜਾਣਕਾਰੀ ਦਿੱਤੀ। ਇਸ ਰਾਹਤ ਨਾਲ ਤੁਹਾਡਾ ਵਿੱਤੀ ਲੈਣ-ਦੇਣ ਨਹੀਂ ਪ੍ਰਭਾਵਿਤ ਹੋਵੇਗਾ।
ਇਨਕਮ ਟੈਕਸ ਵਿਭਾਗ ਅਨੁਸਾਰ, ਜੇਕਰ ਕੋਈ ਪੈਨ ਕਾਰਡਧਾਰਕ ਨਿਰਧਾਰਤ ਅੰਤਿਮ ਤਾਰੀਖ਼ ਤੱਕ ਪੈਨ ਨੂੰ ਆਧਾਰ ਨਾਲ ਲਿੰਕ ਨਹੀਂ ਕਰਦਾ ਹੈ ਤਾਂ ਉਸ ਦਾ ਪੈਨ ਇਨਵੈਲਿਡ ਹੋ ਜਾਵੇਗਾ। ਇਸ ਪਿੱਛੋਂ ਪੈਨ-ਆਧਾਰ ਲਿੰਕਿੰਗ ਲਈ 1,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪਵੇਗਾ। ਸਰਕਾਰ ਨੇ ਇਸ ਜੁਰਮਾਨੇ ਦੀ ਵਿਵਸਥਾ ਲਈ ਇਨਕਮ ਟੈਕਸ ਐਕਟ 1961 ਵਿਚ ਨਵੀਂ ਧਾਰਾ 234 ਐੱਚ ਜੋੜੀ ਹੈ। ਸਰਕਾਰ ਨੇ ਇਹ ਫਾਈਨੈਂਸ ਬਿੱਲ-2021 ਲੋਕ ਸਭਾ ਵਿਚ 23 ਮਾਰਚ ਨੂੰ ਪਾਸ ਕਰਦੇ ਸਮੇਂ ਕੀਤਾ ਸੀ। ਇਹ ਦੱਸ ਦੇਈਏ ਕਿ ਜਿਸ ਦਿਨ ਤੁਸੀਂ ਪੈਨ ਨੂੰ ਆਧਾਰ ਨਾਲ ਲਿੰਕ ਕਰ ਲਵੋਗੇ ਉਸ ਤਾਰੀਖ਼ ਤੋਂ ਇਹ ਦੁਬਾਰਾ ਚਾਲੂ ਹੋ ਜਾਵੇਗਾ।
ਇਹ ਵੀ ਪੜ੍ਹੋ- ਅਡਾਨੀ ਨੂੰ ਝਟਕਾ ਦੇਣ ਦੀ ਤਿਆਰੀ 'ਚ ਅੰਬਾਨੀ, ਕਰ ਦਿੱਤਾ ਇਹ ਵੱਡਾ ਐਲਾਨ
ਇਸ ਤੋਂ ਇਲਾਵਾ ਦੱਸ ਦੇਈਏ ਕਿ ਮਿਊਚੁਅਲ ਫੰਡ ਵਿਚ ਨਿਵੇਸ਼ ਸ਼ੁਰੂ ਕਰਨ ਤੇ ਜਾਰੀ ਰੱਖਣ ਲਈ ਪੈਨ ਦਾ ਵੈਲਿਡ ਹੋਣਾ ਜ਼ਰੂਰੀ ਹੁੰਦਾ ਹੈ। ਇਸ ਲਈ ਪੈਨ ਇਨਵੈਲਿਡ ਹੋਣ ਨਾਲ ਸਿਪ ਵੀ ਰੁਕ ਸਕਦੀ ਹੈ ਅਤੇ ਫੰਡ ਵੀ ਨਹੀਂ ਕਢਾ ਸਕਦੇ। ਬੈਂਕ ਖਾਤਾ ਖੋਲ੍ਹਣ ਲਈ ਜਾਂ 50,000 ਰੁਪਏ ਤੋਂ ਵੱਧ ਨਕਦੀ ਜਮ੍ਹਾ ਕਰਾਉਣ ਜਾਂ ਕਢਾਉਣ ਲਈ ਵੀ ਵੈਲਿਡ ਪੈਨ ਦਾ ਹੋਣਾ ਜ਼ਰੂਰੀ ਹੈ। ਇਨਵੈਲਿਡ ਜਾਂ ਗਲਤ ਪੈਨ ਕਾਰਡ ਦੇਣ 'ਤੇ 10,000 ਰੁਪਏ ਜੁਰਮਾਨਾ ਹੋ ਸਕਦਾ ਹੈ। ਪੈਨ ਇਨਵੈਲਿਡ ਹੋਣ ਦੀ ਸੂਰਤ ਵਿਚ ਟੀ. ਡੀ. ਐੱਸ. ਵੀ ਜ਼ਿਆਦਾ ਕੱਟ ਸਕਦਾ ਹੈ।