PAN, ਆਧਾਰ 30 ਜੂਨ ਤੱਕ ਕਰ ਲਓ ਲਿੰਕ, ਨਹੀਂ ਤਾਂ ਹੋ ਸਕਦੈ ਨੁਕਸਾਨ
Tuesday, Jun 08, 2021 - 02:17 PM (IST)
ਨਵੀਂ ਦਿੱਲੀ- ਤੁਹਾਡਾ ਪੈਨ ਹੁਣ ਤੱਕ ਆਧਾਰ ਨੰਬਰ ਨਾਲ ਲਿੰਕ ਨਹੀਂ ਹੈ ਤਾਂ 30 ਜੂਨ ਤੋਂ ਪਹਿਲਾਂ ਇਹ ਕੰਮ ਕਰ ਲਓ। ਪਿਛਲੀ ਵਾਰ ਪੈਨ ਨੂੰ ਆਧਾਰ ਨੰਬਰ ਨਾਲ ਲਿੰਕ ਕਰਨ ਦੀ ਤਾਰੀਖ਼ ਵਧਾ ਕੇ 30 ਜੂਨ 2021 ਕਰ ਦਿੱਤੀ ਗਈ ਸੀ। ਇਸ ਵਾਰ ਤਾਰੀਖ਼ ਅੱਗੇ ਹੋਰ ਨਾ ਵਧੀ ਤਾਂ 1,000 ਰੁਪਏ ਤੱਕ ਲੇਟ ਫ਼ੀਸ ਲੱਗ ਸਕਦੀ ਹੈ।
ਇਸ ਦੀ ਵਿਵਸਥਾ ਇਨਕਮ ਟੈਕਸ ਕਾਨੂੰਨ, 1961 ਵਿਚ ਜੋੜੇ ਗਏ ਨਵੇਂ ਸੈਕਸ਼ਨ 234 ਐੱਚ ਵਿਚ ਕੀਤੀ ਗਈ ਹੈ। ਸਰਕਾਰ ਨੇ 23 ਮਾਰਚ ਨੂੰ ਲੋਕ ਸਭਾ ਵਿਚ ਫਾਈਨੈਂਸ ਬਿੱਲ 2021 ਪਾਸ ਕਰਨ ਸਮੇਂ ਇਹ ਵਿਵਸਥਾ ਕਰ ਦਿੱਤੀ ਸੀ।
ਉੱਥੇ ਹੀ, ਪੈਨ ਕਾਰਡ ਰੱਦ ਹੋ ਜਾਣ ਦੀ ਸੂਰਤ ਵਿਚ ਵੀ ਜੁਰਮਾਨਾ ਭਰਨਾ ਪੈ ਸਕਦਾ ਹੈ। ਜੇਕਰ ਤੁਹਾਡਾ ਪੈਨ ਕਾਰਡ ਇਸ ਵਜ੍ਹਾ ਨਾਲ ਰੱਦ ਹੋ ਜਾਂਦਾ ਹੈ ਕਿ ਤੁਸੀਂ ਇਸ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਜਿੱਥੇ ਪੈਨ ਲਾਉਣ ਦੀ ਜ਼ਰੂਰਤ ਹੈ ਉੱਥੇ ਇਸ ਨੂੰ ਆਯੋਗ ਮੰਨਿਆ ਜਾਵੇਗਾ। ਇਸ ਲਈ ਧਾਰਾ 272 ਬੀ ਤਹਿਤ 10,000 ਰੁਪਏ ਤੱਕ ਦਾ ਜੁਰਮਾਨਾ ਲੱਗ ਸਕਦਾ ਹੈ। ਧਾਰਾ 139 ਏਏ ਤਹਿਤ ਹਰ ਪੈਨ ਕਾਰਡ ਧਾਰਕ ਲਈ ਇਸ ਨੂੰ ਆਧਾਰ ਨਾਲ ਲਿੰਕ ਕਰਨਾ ਲਾਜ਼ਮੀ ਹੈ। ਤੁਸੀਂ ਆਪਣਾ ਪੈਨ ਐੱਸ. ਐੱਮ. ਐੱਸ. ਜ਼ਰੀਏ ਵੀ ਆਧਾਰ ਨਾਲ ਜੋੜ ਸਕਦੇ ਹੋ। ਇਸ ਲਈ ਤੁਹਾਨੂੰ UIDPAN ਲਿਖ ਕੇ ਆਧਾਰ ਨੰਬਰ ਅਤੇ ਖਾਲੀ ਜਗ੍ਹਾ ਦੇ ਕੇ ਫਿਰ ਪੈਨ ਨੰਬਰ ਲਿਖ ਕੇ 567678 ਜਾਂ 56161 'ਤੇ ਮੈਸੇਜ ਕਰਨਾ ਹੋਵੇਗਾ। ਉਦਾਹਰਣ ਦੇ ਤੌਰ 'ਤੇ UIDPAN 111122223333 AAAPA9999Q ।