ਟੂਰਿਸਟਾਂ ਨੂੰ ਸੌਗਾਤ, 30 ਫ਼ੀਸਦੀ ਸਸਤੇ 'ਚ ਦਿੱਲੀ ਤੋਂ ਜੈਪੁਰ ਘੁਮਾਏਗੀ ਸ਼ਾਹੀ ਟਰੇਨ!

Saturday, Dec 26, 2020 - 05:09 PM (IST)

ਟੂਰਿਸਟਾਂ ਨੂੰ ਸੌਗਾਤ, 30 ਫ਼ੀਸਦੀ ਸਸਤੇ 'ਚ ਦਿੱਲੀ ਤੋਂ ਜੈਪੁਰ ਘੁਮਾਏਗੀ ਸ਼ਾਹੀ ਟਰੇਨ!

ਜੈਪੁਰ-  ਭਾਰਤ ਦੀ ਸ਼ਾਹੀ ਟਰੇਨ ਵਿਚ ਇਸ ਵਾਰ ਤੁਹਾਨੂੰ ਪਹਿਲਾਂ ਨਾਲੋਂ ਸਸਤੇ ਵਿਚ ਘੁੰਮਣ ਦਾ ਮੌਕਾ ਮਿਲੇਗਾ। ਕੋਵਿਡ-19 ਮਹਾਮਾਰੀ ਕਾਰਨ ਕੌਮਾਂਤਰੀ ਸੈਲਾਨੀਆਂ ਦੇ ਘੱਟ ਆਉਣ ਕਾਰਨ ਪੈਲੇਸ ਆਨ ਵ੍ਹੀਲਜ਼ ਨੇ ਦੇਸੀ ਸੈਲਾਨੀਆਂ ਨੂੰ ਲੁਭਾਉਣ ਲਈ ਕਿਰਾਏ ਵਿਚ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਪੈਲੇਸ ਆਨ ਵ੍ਹੀਲਜ਼ ਭਾਰਤ ਦੀ ਸਭ ਤੋਂ ਲਗਜ਼ਰੀ ਤੇ ਆਰਾਮਦਾਇਕ ਟਰੇਨ ਹੈ। ਇਹ ਦੁਨੀਆ ਦੀਆਂ ਪੰਜ ਸਭ ਤੋਂ ਜ਼ਿਆਦਾ ਆਰਾਮਦਾਇਕ ਟਰੇਨਾਂ ਵਿਚੋਂ ਇਕ ਹੈ।

ਇਸ ਲਗਜ਼ਰੀ ਟਰੇਨ ਦਾ ਕਿਰਾਇਆ ਲੱਖਾਂ ਰੁਪਏ ਵਿਚ ਹੈ ਅਤੇ ਵਿਦੇਸ਼ੀ ਸੈਲਾਨੀ ਇਸ ਵਿਚ ਆਰਾਮ ਨਾਲ ਘੁੰਮਣ ਦਾ ਮਜ਼ਾ ਲੈਂਦੇ ਹਨ। ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਨਾਲ ਮਾਰਚ ਅਤੇ ਅਪ੍ਰੈਲ ਵਿਚ ਇਸ ਨੇ ਯਾਤਰਾਵਾਂ ਨੂੰ ਰੱਦ ਕਰ ਦਿੱਤਾ ਸੀ ਅਤੇ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਨਵੇਂ ਸੀਜ਼ਨ ਵਿਚ ਵੀ ਯਾਤਰਾਵਾਂ ਸ਼ੁਰੂ ਨਹੀਂ ਕਰ ਸਕੀ।

ਰਾਜਸਥਾਨ ਟੂਰਿਜ਼ਮ ਡਿਵਲਪਮੈਂਟ ਕਾਰਪੋਰੇਸ਼ਨ (ਆਰ. ਟੀ. ਡੀ. ਸੀ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਰਵਰੀ ਤੋਂ ਸ਼ੁਰੂ ਹੋਣ ਵਾਲੇ ਤਿੰਨ ਮਹੀਨਿਆਂ ਲਈ ਘਰੇਲੂ ਸੈਲਾਨੀਆਂ ਲਈ ਟਰੇਨ ਚਲਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਸੈਲਾਨੀਆਂ ਲਈ ਪਿਛਲੇ ਕਿਰਾਇਆਂ ਦੇ ਮੁਕਾਬਲੇ 30 ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਆਰ. ਟੀ. ਡੀ. ਸੀ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਲੋਕ ਗੁਪਤਾ ਨੇ ਕਿਹਾ ਕਿ ਘੱਟੋ-ਘੱਟ 27 ਮਹਿਮਾਨਾਂ ਦੀ ਬੁਕਿੰਗ ਨਾਲ ਅਸੀਂ ਯਾਤਰਾ ਸ਼ੁਰੂ ਕਰ ਸਕਦੇ ਹਾਂ। ਤਿੰਨ ਦਿਨਾਂ ਦੇ ਯਾਤਰਾ ਟੂਰ ਵਿਚ ਇਹ ਟਰੇਨ ਯਾਤਰੀਆਂ ਨੂੰ ਦਿੱਲੀ ਤੋਂ ਜੈਪੁਰ ਦੀ ਯਾਤਰਾ ਕਰਾਏਗੀ ਅਤੇ ਦਿੱਲੀ ਦੀ ਵਾਪਸੀ ਕਰੇਗੀ। ਚਾਰ ਦਿਨਾਂ ਦੀ ਯਾਤਰਾ ਵਾਲੇ ਟੂਰ ਵਿਚ ਜੈਪੁਰ ਤੋਂ ਬਾਅਦ ਉਦੈਪੁਰ ਇਕ ਵਾਧੂ ਮੰਜ਼ਿਲ ਹੋਵੇਗੀ।

ਫਰਵਰੀ ਅਤੇ ਮਾਰਚ ਵਿਚ 30 ਫ਼ੀਸਦੀ ਦੀ ਛੂਟ ਤੋਂ ਬਾਅਦ ਸੁਪਰ ਡੀਲਕਸ ਕੈਬਿਨ ਦਾ ਕਿਰਾਇਆ 34,034 ਰੁਪਏ ਤੋਂ 94,248 ਰੁਪਏ ਵਿਚਕਾਰ ਪਵੇਗਾ। ਅਪ੍ਰੈਲ ਨੂੰ ਆਫ ਸੀਜ਼ਨ ਮੰਨਿਆ ਜਾਂਦਾ ਹੈ। ਇਸ ਲਈ ਅਪ੍ਰੈਲ ਵਿਚ ਇਹ 26,180 ਰੁਪਏ ਤੋਂ 70,686 ਰੁਪਏ ਵਿਚਕਾਰ ਹੋਵੇਗਾ। ਆਰ. ਟੀ. ਡੀ. ਸੀ. ਹਰ ਸਾਲ ਸਤੰਬਰ ਤੇ ਅਪ੍ਰੈਲ ਵਿਚਕਾਰ ਇਹ ਟਰੇਨ ਚਲਾਉਂਦਾ ਹੈ। ਇਸ ਵਿਚ 90 ਫ਼ੀਸਦੀ ਤੋਂ ਵੱਧ ਵਿਦੇਸ਼ੀ ਨਾਗਰਿਕ ਅਤੇ ਐੱਨ. ਆਰ. ਆਈ. ਯਾਤਰਾ ਕਰਦੇ ਹਨ। ਹਾਲਾਂਕਿ, ਮਹਾਮਾਰੀ ਕਾਰਨ ਇਸ ਵਾਰ ਵਿਦੇਸ਼ੀ ਸੈਲਾਨੀਆਂ ਦੀ ਵੱਡੀ ਕਮੀ ਹੋਈ ਹੈ।


author

Sanjeev

Content Editor

Related News