ਫਿਰ ਵਧਣ ਲੱਗੇ ਪਿਆਜ਼ ਦੇ ਭਾਅ, ਕਈ ਸੂਬਿਆਂ ’ਚ ਵਿਕ ਰਿਹੈ 100 ਰੁਪਏ ਕਿਲੋ ਤੋਂ ਪਾਰ

11/27/2019 6:57:08 PM

ਨਵੀਂ ਦਿੱਲੀ, (ਇੰਟ.)-ਪਿਆਜ਼ ਦੀਆਂ ਅਾਸਮਾਨ ਛੂੰਹਦੀਆਂ ਕੀਮਤਾਂ ਠੱਲ੍ਹਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਿੱਲੀ ਤੋਂ ਲੈ ਕੇ ਕੋਲਕਾਤਾ ਅਤੇ ਚੇਨਈ ਤੱਕ ਦੀ ਰਿਟੇਲ ਮਾਰਕੀਟਸ ’ਚ ਇਕ ਕਿਲੋ ਪਿਆਜ਼ 100 ਤੋਂ 120 ਰੁਪਏ ਤੱਕ ਦੇ ਮੁੱਲ ’ਤੇ ਲੋਕਾਂ ਦੀ ਰਸੋਈ ’ਚ ਪਹੁੰਚ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਮੰਡੀਆਂ ’ਚ ਪਿਆਜ਼ ਦੀ ਸਪਲਾਈ ਨਹੀਂ ਵਧਦੀ ਤਾਂ ਕੀਮਤਾਂ ਹੋਰ ਵਧ ਸਕਦੀਆਂ ਹਨ।

ਦਿੱਲੀ ਦੀਆਂ ਲੋਕਲ ਸਬਜ਼ੀ ਮੰਡੀਆਂ ’ਚ ਪਿਆਜ਼ 100 ਰੁਪਏ ਵਿਕ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਇਕ ਦਿਨ ’ਚ 30-50 ਕਿਲੋ ਪਿਆਜ਼ ਵੇਚ ਦਿੰਦੇ ਸਨ। ਅੱਜ ਉਨ੍ਹਾਂ ਨੂੰ 10 ਕਿਲੋ ਪਿਆਜ਼ ਵੀ ਵੇਚਣਾ ਮੁਸ਼ਕਿਲ ਹੋ ਗਿਆ ਹੈ। ਪਿਛਲੇ 3 ਦਿਨਾਂ ’ਚ ਪਿਆਜ਼ ਦੀਆਂ ਕੀਮਤਾਂ ’ਚ 20 ਤੋਂ 30 ਰੁਪਏ ਦਾ ਵਾਧਾ ਹੋਇਆ ਹੈ। ਪਿਆਜ਼ ਵਪਾਰੀਆਂ ਦੀ ਮੰਨੀਏ ਤਾਂ 15 ਦਸੰਬਰ ਤੋਂ ਪਹਿਲਾਂ ਪਿਆਜ਼ ਦੀਆਂ ਕੀਮਤਾਂ ’ਚ ਕਮੀ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।

ਕੋਲਕਾਤਾ ’ਚ ਵੀ ਪਿਆਜ਼ ਦੇ ਮੁੱਲ 100 ਰੁਪਏ ਦੇ ਆਸ-ਪਾਸ ਚੱਲ ਰਹੇ ਹੈ। ਸਥਾਨਕ ਬਾਜ਼ਾਰਾਂ ’ਚ ਕਿਤੇ-ਕਿਤੇ ਪਿਆਜ਼ 120 ਰੁਪਏ ਤੋਂ ਜ਼ਿਆਦਾ ਦੇ ਮੁੱਲ ’ਤੇ ਵੀ ਵੇਚਿਆ ਗਿਆ। ਚੇਨਈ ਦੀ ਗੱਲ ਕਰੀਏ ਤਾਂ ਪਿਆਜ਼ ਦੇ ਪ੍ਰਚੂਨ ਮੁੱਲ ਨੇ 120 ਰੁਪਏ ਦਾ ਵੀ ਪੱਧਰ ਤੋਡ਼ ਦਿੱਤਾ। ਪਿਛਲੇ ਹਫਤੇ ਪਿਆਜ਼ ਦੇ ਪ੍ਰਚੂਨ ਮੁੱਲ 80 ਅਤੇ ਥੋਕ ਮੁੱਲ 50-60 ਰੁਪਏ ਸਨ।

ਕਿਉਂ ਘੱਟ ਰਹੀ ਪਿਆਜ਼ ਦੀ ਆਮਦ

ਬੀਤੇ ਦਿਨੀਂ ਕਰਨਾਟਕ, ਨਾਸਿਕ ਅਤੇ ਗੁਜਰਾਤ ’ਚ ਲਗਾਤਾਰ ਮੀਂਹ ਹੋਣ ਦੀ ਵਜ੍ਹਾ ਨਾਲ ਨਵੰਬਰ-ਦਸੰਬਰ ’ਚ ਨਿਕਲਣ ਵਾਲੀ ਪਿਆਜ਼ ਦੀ ਫਸਲ ਖਰਾਬ ਹੋ ਗਈ ਹੈ। ਇਹੀ ਕਾਰਣ ਹੈ ਕਿ ਲਗਾਤਾਰ ਪਿਆਜ਼ ਦੀਆਂ ਕੀਮਤਾਂ ’ਚ ਉਛਾਲ ਆ ਰਿਹਾ ਹੈ। ਫਿਲਹਾਲ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ’ਚ ਪਿਆਜ਼ ਦੀ ਆਮਦ ਅਲਵਰ ਤੋਂ ਹੋ ਰਹੀ ਹੈ। ਸਿਰਫ 2-3 ਸੂਬਿਆਂ ਤੋਂ ਪਿਆਜ਼ ਦੀ ਸਪਲਾਈ ਹੋਣ ਕਾਰਣ ਡਿਮਾਂਡ ਪੂਰੀ ਨਹੀਂ ਹੋ ਰਹੀ ਹੈ।


Karan Kumar

Content Editor

Related News