ਚਾਰ ਸਾਲ ਦੇ ਉੱਚ ਪੱਧਰ 'ਤੇ ਪਹੁੰਚੀਆਂ ਪਿਆਜ਼ ਦੀਆਂ ਕੀਮਤਾਂ

09/21/2019 11:34:15 AM

ਨਵੀਂ ਦਿੱਲੀ — ਪਿਆਜ਼ ਦੀਆਂ ਕੀਮਤਾਂ 'ਚ ਦੋ ਦਿਨਾਂ 'ਚ ਤਕਰੀਬਨ 30 ਫੀਸਦੀ ਤੱਕ ਦਾ ਵਾਧਾ ਦਰਜ ਕੀਤਾ ਗਿਆ ਹੈ ਜਿਹੜਾ ਕਿ ਸਤੰਬਰ 2015 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਹੁਣ ਵਪਾਰੀਆਂ ਨੂੰ ਡਰ ਸਤਾ ਰਿਹਾ ਹੈ ਕਿ ਸਰਕਾਰ ਕਿਤੇ ਨਿਰਯਾਤ 'ਤੇ ਪਾਬੰਦੀ ਹੀ ਨਾ ਲਗਾ ਦੇਵੇ। ਪਿਛਲੇ ਹਫਤੇ ਘੱਟੋ ਘੱਟ ਐਕਸਪੋਰਟ ਪ੍ਰਾਈਜ਼ (ਐੱਮ.ਈ.ਪੀ.) ਡਿਊਟੀ ਲਾਗੂ ਕਰਨ ਅਤੇ ਡਿਊਟੀ ਮੁਕਤ ਦਰਾਮਦ ਵਰਗੇ ਉਪਾਅ ਪਿਆਜ਼ਾਂ ਦੀ ਮਹਿੰਗਾਈ ਨੂੰ ਕੰਟਰੋਲ ਕਰਨ ਵਿਚ ਅਸਫਲ ਰਹੇ ਹਨ। ਜਦੋਂ 13 ਸਤੰਬਰ ਨੂੰ ਮਹਾਰਾਸ਼ਟਰ ਦੇ ਨਾਸਿਕ ਵਿਚ ਏਸ਼ੀਆ ਦੇ ਸਭ ਤੋਂ ਵੱਡੇ ਪਿਆਜ਼ ਵਿਕਰੀ ਕੇਂਦਰ- ਬੈਂਚਮਾਰਕ ਲਾਸਲਗਾਓਂ ਮੰਡੀ ਵਿਚ ਪਿਆਜ਼ ਦੀਆਂ ਕੀਮਤਾਂ ਵਧ ਕੇ 32 ਰੁਪਏ ਪ੍ਰਤੀ ਕਿਲੋ ਹੋ ਗਈਆਂ, ਤਾਂ ਸਰਕਾਰ ਨੇ ਪ੍ਰਤੀ ਟਨ 850 ਡਾਲਰ ਐਮਈਪੀ ਡਿਊਟੀ ਲਗਾਈ ਅਤੇ 2,000 ਟਨ ਪਿਆਜ਼ ਦੀ ਡਿਊਟੀ ਮੁਕਤ ਦਰਾਮਦ ਨੂੰ ਮਨਜ਼ੂਰੀ ਦਿੱਤੀ ਗਈ ਸੀ। ਹਾਲਾਂਕਿ ਉਸ ਸਮੇਂ ਤੋਂ ਪਿਆਜ਼ ਦੀਆਂ ਕੀਮਤਾਂ 'ਚ 39 ਫੀਸਦੀ ਤੱਕ ਦਾ ਉਛਾਲ ਆ ਚੁੱਕਾ ਹੈ ਅਤੇ ਅੱਜ ਲਾਸਲਗਾਓਂ ਮੰਡੀ ਵਿਚ ਕੀਮਤ 44.50 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਪੱਧਰ 'ਤੇ ਆ ਗਈ ਹੈ। ਥੋਕ ਕੀਮਤਾਂ ਦਾ ਮੌਜੂਦਾ ਪੱਧਰ ਚਾਰ ਸਾਲਾਂÎ 'ਚ ਸਭ ਤੋਂ ਉੱਚਾ ਹੈ। ਇਕ ਹੀ ਦਿਨ ਦੇ ਇਸ ਉਛਾਲ ਨਾਲ ਕੱਲ੍ਹ ਕੀਮਤ ਵਧ ਕੇ 45 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਇਸ ਤੋਂ ਇਕ ਦਿਨ ਪਹਿਲਾਂ ਦੀ ਇਹ ਕੀਮਤ 33 ਰੁਪਏ ਪ੍ਰਤੀ ਕਿਲੋ ਸੀ।

ਇਸੇ ਤਰ੍ਹਾਂ ਦਿੱਲੀ ਦੇ ਪ੍ਰਚੂਨ ਬਾਜ਼ਾਰ 'ਚ ਪਿਆਜ਼ ਦੀਆਂ ਕੀਮਤਾਂ 65 ਰੁਪਏ ਪ੍ਰਤੀ ਕਿਲੋਗ੍ਰਾਮ, ਕੋਲਕਾਤਾ ਵਿਚ 56 ਰੁਪਏ ਅਤੇ ਮੁੰਬਈ ਅਤੇ ਬੰਗਲੌਰ 'ਚ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਦਰਜ ਕੀਤੀਆਂ ਜਾ ਰਹੀਆਂ ਹਨ। ਸਤੰਬਰ ਦੇ ਪਹਿਲੇ ਤਿੰਨ ਹਫ਼ਤਿਆਂ 'ਚ ਪਿਆਜ਼ ਦੀਆਂ ਪ੍ਰਚੂਨ ਕੀਮਤਾਂ 'ਚ 67 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦਾ ਮਤਲਬ ਹੈ ਕਿ ਸਰਕਾਰ ਦੇ ਹੁਣ ਤੱਕ ਦੇ ਉਪਰਾਲਿਆਂ ਨੇ ਪਿਆਜ਼ ਦੀਆਂ ਕੀਮਤਾਂ ਨੂੰ ਘਟਾਉਣ ਵਿਚ ਸਹਾਇਤਾ ਨਹੀਂ ਕੀਤੀ ਹੈ। 

ਪਿਆਜ਼ ਦੀਆਂ ਕੀਮਤਾਂ ਨੂੰ ਘੱਟ ਕਰਨ ਲਈ ਹੁਣ ਤੱਕ ਕੀਤੇ ਗਏ ਉਪਾਅ ਕਾਰਗਰ ਸਾਬਤ ਨਹੀਂ ਹੋਏ ਹਨ। ਬਜ਼ਾਰ 'ਚ ਪਿਆਜ਼ ਦੀ ਵਾਕਏ ਹੀ ਕਮੀ ਹੈ। ਆਉਂਦੇ ਤਿਉਹਾਰਾਂ ਕਾਰਨ ਸਥਾਨਕ ਮੰਗ 'ਚ ਤੇਜ਼ੀ ਆਈ ਹੈ। ਕਈ ਨਿਰਯਾਤਕਾਂ ਕੋਲ ਵਿਦੇਸ਼ਾਂ ਤੋਂ ਵੀ ਮੰਗ ਵਧੀ ਹੈ। ਹੁਣ ਵਪਾਰੀਆਂ ਨੂੰ ਪਿਆਜ ਨਿਰਯਾਤ 'ਤੇ ਪਾਬੰਦੀ ਦਾ ਡਰ ਸਤਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਪਿਆਜ਼ ਦੀਆਂ ਕੀਮਤਾਂ 'ਚ ਪ੍ਰਤੀ ਕਿਲੋਗ੍ਰਾਮ  2.80 ਦਿਹਰਮ ਤੱਕ ਦਾ ਵਾਧਾ ਹੋਇਆ ਹੈ। ਇਹ ਦਰ ਖਾੜੀ 'ਚ ਕਰੀਬ 50.50 ਰੁਪਏ ਪ੍ਰਤੀ ਕਿਲੋਗ੍ਰਾਮ ਬੈਠਦੀ ਹੈ। ਪਿਛਲੇ 10 ਦਿਨਾਂ 'ਚ ਖਾੜੀ ਦੇਸ਼ਾਂ 'ਚ ਪਿਆਜ਼ ਦੀਆਂ ਕੀਮਤਾਂ 'ਚ ਲਗਭਗ 20-25 ਫੀਸਦੀ ਤੱਕ ਦਾ ਉਛਾਲ ਆਇਆ ਹੈ। 

ਇਸ ਦੌਰਾਨ ਜ਼ਿਆਦਾ ਬਾਰਿਸ਼ ਕਾਰਨ ਫਸਲਾਂ ਨੂੰ ਹੋਏ ਨੁਕਸਾਨ ਦੇ ਕਾਰਨ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਤੋਂ ਆਉਣ ਵਾਲੀ ਸ਼ੁਰੂਆਤੀ ਫਸਲ ਦੀ ਆਮਦ 'ਚ ਹੋਣ ਵਾਲੀ ਦੇਰ ਹੈ। ਆਮਤੌਰ 'ਤੇ ਸਤੰਬਰ ਦੇ ਮੱਧ ਤੱਕ ਇਨ੍ਹਾਂ ਫਸਲਾਂ ਦਾ ਆਮਦ ਸ਼ੁਰੂ ਹੋ ਜਾਂਦੀ ਹੈ। ਹਾਲਾਂਕਿ ਛੋਟੀ-ਮੋਟੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਇਹ ਮਾਤਰਾ ਤਿਉਹਾਰਾਂ ਦੇ ਸੀਜ਼ਨ ਦੀ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਕਾਫੀ ਨਹੀਂ ਹੈ।


 


Related News