ਪਿਆਜ਼ ਦੀਆਂ ਕੀਮਤਾਂ ’ਚ ਤੇਜ਼ੀ ਬਰਕਰਾਰ, ਦਰਾਮਦੀ ਮਾਲ ਦੀ ਆਮਦ ਸ਼ੁਰੂ

12/28/2019 2:06:49 AM

ਨਵੀਂ ਦਿੱਲੀ  (ਭਾਸ਼ਾ)-ਪਿਆਜ਼ ਦੀ ਘਰੇਲੂ ਉਪਲੱਬਧਤਾ ਵਧਾਉਣ ਅਤੇ ਕੀਮਤਾਂ ’ਤੇ ਰੋਕ ਲਾਉਣ ਲਈ ਦਰਾਮਦ ਵਧਾਉਣ ਦੇ ਬਾਵਜੂਦ ਇਸ ਦੀ ਪ੍ਰਚੂਨ ਕੀਮਤ ਅੱਜ ਵਧ ਕੇ 150 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ। ਇਹ ਕੀਮਤ ਉਦੋਂ ਪਹੁੰਚੀ ਹੈ, ਜਦੋਂ ਦਰਾਮਦੀ ਪਿਆਜ਼ ਦੀ ਖੇਪ ਦੀ ਆਮਦ ਸ਼ੁਰੂ ਹੋ ਗਈ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਮਹਾਨਗਰਾਂ ’ਚੋਂ ਕੋਲਕਾਤਾ ’ਚ ਪਿਆਜ਼ ਦੀ ਪ੍ਰਚੂਨ ਕੀਮਤ 120 ਰੁਪਏ ਕਿਲੋ, ਦਿੱਲੀ ਅਤੇ ਮੁੰਬਈ ’ਚ 102 ਅਤੇ ਚੇਨਈ ’ਚ 80 ਰੁਪਏ ਕਿਲੋ ਹੈ। ਜ਼ਿਆਦਾਤਰ ਸ਼ਹਿਰਾਂ ’ਚ ਪਿਆਜ਼ ਦੀ ਕੀਮਤ 100 ਰੁਪਏ ਕਿਲੋ ਸੀ। ਈਟਾਨਗਰ ’ਚ ਪਿਆਜ਼ ਦੀ ਕੀਮਤ 150 ਰੁਪਏ ਕਿਲੋ ’ਤੇ ਪਹੁੰਚ ਗਈ।

1160 ਟਨ ਪਿਆਜ਼ ਪਹੁੰਚ ਚੁੱਕੈ ਭਾਰਤ ’ਚ
ਮੰਤਰਾਲਾ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ, ‘‘ਦਰਾਮਦੀ ਪਿਆਜ਼ ਦੀ ਆਮਦ ਸ਼ੁਰੂ ਹੋ ਗਈ ਹੈ। ਲਗਭਗ 1160 ਟਨ ਪਿਆਜ਼ ਭਾਰਤ ਪਹੁੰਚ ਚੁੱਕਾ ਹੈ। ਅਗਲੇ 3-4 ਦਿਨਾਂ ’ਚ ਵਾਧੂ 10,560 ਟਨ ਦਰਾਮਦ ਦੀ ਖੇਪ ਆਉਣ ਦੀ ਉਮੀਦ ਹੈ।’’ ਅਧਿਕਾਰੀ ਨੇ ਕਿਹਾ ਕਿ ਲਾਲ ਅਤੇ ਪੀਲੇ ਦੋਵਾਂ ਕਿਸਮਾਂ ਦੇ ਪਿਆਜ਼ ਤੁਰਕੀ, ਮਿਸਰ ਅਤੇ ਅਫਗਾਨਿਸਤਾਨ ਤੋਂ ਦਰਾਮਦ ਕੀਤੇ ਗਏ ਹਨ। ਦਰਾਮਦ ਦੀਆਂ ਇਹ ਖੇਪਾਂ ਮੁੰਬਈ ਬੰਦਰਗਾਹ ’ਤੇ ਉਤਰਦੀਆਂ ਹਨ। ਵਪਾਰੀਆਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਜਨਵਰੀ ਤੱਕ ਵਧੀਆਂ ਰਹਿਣਗੀਆਂ। ਜਦੋਂ ਤੱਕ ਦੇਰੀ ਨਾਲ ਤਿਆਰ ਹੋਣ ਵਾਲੀ ਖਰੀਫ ਫਸਲ ਬਾਜ਼ਾਰ ’ਚ ਆਉਣੀ ਨਹੀਂ ਸ਼ੁਰੂ ਹੋ ਜਾਂਦੀ , ਉਦੋਂ ਤੱਕ ਕੀਮਤਾਂ ’ਚ ਨਰਮੀ ਦੀ ਸੰਭਾਵਨਾ ਨਹੀਂ ਹੈ। ਇਸ ਤੋਂ ਪਹਿਲਾਂ ਭਾਰਤ ਨੇ ਆਖਰੀ ਵਾਰ ਸਾਲ 2015-16 ’ਚ 1987 ਟਨ ਪਿਆਜ਼ ਦੀ ਦਰਾਮਦ ਕੀਤੀ ਸੀ, ਜਦੋਂ ਇਸ ਦੀਆਂ ਕੀਮਤਾਂ ਕਾਫੀ ਵਧ ਗਈਆਂ ਸਨ।


Karan Kumar

Content Editor

Related News