ਗਰੀਬਾਂ ਨੂੰ ਮੌਜ, ਜੂਨ ਤੋਂ ਹੁਣ 20 ਰਾਜਾਂ 'ਚ ਚੱਲੇਗਾ ਇਕ ਹੀ ਰਾਸ਼ਨ ਕਾਰਡ

02/29/2020 10:39:13 AM

ਨਵੀਂ ਦਿੱਲੀ— 1 ਜੂਨ 2020 ਤੋਂ ਤੁਸੀਂ ਦੇਸ਼ 'ਚ ਕਿਸੇ ਵੀ ਜਗ੍ਹਾ 'ਤੇ ਸਰਕਾਰੀ ਸਬਸਿਡੀ 'ਤੇ ਮਿਲਦਾ ਰਾਸ਼ਨ ਲੈ ਸਕੋਗੇ ਕਿਉਂਕਿ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਸਕੀਮ ਉਸ ਦਿਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਖਪਤਕਾਰ ਇਕ ਹੀ ਰਾਸ਼ਨ ਕਾਰਡ ਦਾ ਇਸਤੇਮਾਲ ਦੇਸ਼ 'ਚ ਕਿਤੇ ਵੀ ਕਰ ਸਕਣਗੇ।

 

ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਦੇ ਮੰਤਰਾਲੇ ਦਾ ਮਕਸਦ 1 ਜੂਨ ਤੋਂ 20 ਰਾਜਾਂ ਨਾਲ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਸੁਵਿਧਾ ਸ਼ੁਰੂ ਕਰਨਾ ਹੈ। ਪੰਜਾਬ ਸਮੇਤ 12 ਸੂਬੇ ਇਸ ਯੋਜਨਾ 'ਤੇ ਕੰਮ ਕਰ ਰਹੇ ਹਨ, ਜਿਨ੍ਹਾਂ 'ਚ ਮਹਾਰਾਸ਼ਟਰ, ਰਾਜਸਥਾਨ, ਤੇਲੰਗਾਨਾ, ਤ੍ਰਿਪੁਰਾ, ਮੱਧ ਪ੍ਰਦੇਸ਼, ਕੇਰਲਾ, ਹਰਿਆਣਾ, ਗੁਜਰਾਤ, ਗੋਆ, ਝਾਰਖੰਡ ਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ। ਉਨ੍ਹਾਂ ਉਮੀਦ ਜਤਾਈ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਵਰਗੇ ਵੱਡੇ ਸੂਬੇ ਇਸ ਯੋਜਨਾ 'ਚ ਮਾਰਚ ਤੱਕ ਸ਼ਾਮਲ ਹੋ ਜਾਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਸ਼ੁਰੂ 'ਚ 4 ਰਾਜਾਂ 'ਚ 'ਇਕ ਰਾਸ਼ਟਰ, ਇਕ ਰਾਸ਼ਨ ਕਾਰਡ' ਯੋਜਨਾ ਦੇ ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਆਂਧਰਾ ਪ੍ਰਦੇਸ਼, ਤੇਲੰਗਾਨਾ, ਗੁਜਰਾਤ ਤੇ ਮਹਾਰਾਸ਼ਟਰ ਵਿਚਕਾਰ ਰਾਸ਼ਨ ਕਾਰਡ ਪੋਰਟੇਬਿਲਟੀ ਦੀ ਸੁਵਿਧਾ ਦਿੱਤੀ ਗਈ ਸੀ।
'ਇਕ ਰਾਸ਼ਟਰ ਇਕ, ਰਾਸ਼ਨ ਕਾਰਡ' ਨਾਲ ਕਿਸੇ ਵੀ ਸੂਬੇ ਦਾ ਰਾਸ਼ਨ ਕਾਰਡ ਧਾਰਕ ਕਿਸੇ ਵੀ ਹੋਰ ਸੂਬੇ ਦੀਆਂ ਰਾਸ਼ਨ ਦੁਕਾਨਾਂ ਤੋਂ ਸਸਤੇ ਮੁੱਲ 'ਤੇ ਚਾਵਲ ਅਤੇ ਕਣਕ ਖਰੀਦ ਸਕਣਗੇ। ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਨਾ ਸਿਰਫ ਭ੍ਰਿਸ਼ਟਾਚਾਰ 'ਤੇ ਲਗਾਮ ਲੱਗੇਗੀ ਸਗੋਂ ਗਰੀਬਾਂ ਨੂੰ ਰੋਜ਼ਗਾਰ ਦੀ ਤਲਾਸ਼ ਜਾਂ ਹੋਰ ਕਾਰਨਾਂ ਕਰਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ 'ਤੇ ਸਬਸਿਡੀ ਵਾਲੇ ਰਾਸ਼ਨ ਤੋਂ ਵਾਂਝੇ ਨਹੀਂ ਰਹਿਣਾ ਪਵੇਗਾ। ਇਸ ਤਬਦੀਲੀ ਨਾਲ ਇਕ ਤੋਂ ਵੱਧ ਕਾਰਡ ਰੱਖਣ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ।


Related News