ਇਨਕਮਟ ਟੈਕਸ ਵਿਭਾਗ ਭੇਜੇਗਾ ਨੋਟਿਸ, ਕਿਤੇ ਤੁਸੀਂ ਵੀ ਤਾਂ ਨਹੀਂ ਕੀਤੀ ਇਹ ਗਲਤੀ!

07/24/2017 7:33:26 AM

ਨਵੀਂ ਦਿੱਲੀ— ਜੇਕਰ ਤੁਸੀਂ ਨੋਟਬੰਦੀ ਦੌਰਾਨ ਵੱਡੀ ਮਾਤਰਾ 'ਚ ਵੱਖ-ਵੱਖ ਖਾਤਿਆਂ 'ਚ ਪੈਸਾ ਜਮ੍ਹਾ ਕਰਾਇਆ ਹੈ ਅਤੇ ਉਸ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ ਤਾਂ ਮੁਸ਼ਕਿਲ ਹੋ ਸਕਦੀ ਹੈ। ਇਨਕਮ ਟੈਕਸ ਵਿਭਾਗ ਦੀ ਰਡਾਰ 'ਤੇ ਇਕ ਲੱਖ ਲੋਕ ਸਿੱਧੇ ਤੌਰ 'ਤੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੂੰ ਵਿਭਾਗ ਨੇ ਹਾਈ ਰਿਸਕ ਸ਼੍ਰੇਣੀ 'ਚ ਰੱਖਿਆ ਹੈ। ਵਿਭਾਗ ਇਨ੍ਹਾਂ ਲੋਕਾਂ 'ਤੇ ਸਖਤ ਕਾਰਵਾਈ ਕਰ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਤਕਰੀਬਨ ਇਕ ਲੱਖ ਲੋਕਾਂ ਨੇ ਨੋਟਬੰਦੀ ਦੌਰਾਨ ਜਮ੍ਹਾ ਕਰਾਏ ਗਏ ਪੈਸੇ 'ਤੇ ਇਨਕਮ ਟੈਕਸ ਵਿਭਾਗ ਦੇ ਸਵਾਲਾਂ ਦਾ ਜਾਂ ਤਾਂ ਜਵਾਬ ਨਹੀਂ ਦਿੱਤਾ ਹੈ ਜਾਂ ਫਿਰ ਸੰਤੁਸ਼ਟੀ ਭਰਿਆ ਉੱਤਰ ਨਹੀਂ ਦੇ ਸਕੇ ਹਨ। ਵਿਭਾਗ ਅਜਿਹੇ ਹੀ ਲੋਕਾਂ 'ਤੇ ਨਜ਼ਰ ਰੱਖ ਰਿਹਾ ਹੈ, ਜਿਨ੍ਹਾਂ ਨੇ ਪੈਸੇ ਤਾਂ ਖਾਤੇ 'ਚ ਵੱਡੀ ਮਾਤਰਾ 'ਚ ਜਮ੍ਹਾ ਕਰਾਏ ਸਨ ਪਰ ਕੋਈ ਜਵਾਬ ਨਹੀਂ ਦਿੱਤਾ ਹੈ। ਹੁਣ 31 ਜੁਲਾਈ ਨੂੰ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਨੇੜੇ ਆ ਗਈ ਹੈ, ਜੋ ਲੋਕ ਇਸ ਦੌਰਾਨ ਆਪਣੀ ਸਹੀ ਆਮਦਨ 'ਤੇ ਟੈਕਸ ਨਹੀਂ ਭਰਨਗੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। 
ਕਿਨ੍ਹਾਂ 'ਤੇ ਹੈ ਨਜ਼ਰ?
ਜਾਣਕਾਰੀ ਮੁਤਾਬਕ, ਆਪਰੇਸ਼ਨ ਕਲੀਨ ਮਨੀ-2 ਤਹਿਤ 18 ਲੱਖ ਲੋਕਾਂ ਦੀ ਪਛਾਣ ਕੀਤੀ ਗਈ ਹੈ, ਜਿਸ 'ਚੋਂ ਇਕ ਲੱਖ ਲੋਕ ਅਜਿਹੇ ਹਨ, ਜੋ ਕਿ ਹਾਈ ਰਿਸਕ ਕੈਟਾਗਿਰੀ 'ਚ ਹਨ। ਇਹ ਉਹ ਲੋਕ ਹਨ, ਜਿਨ੍ਹਾਂ ਨੇ ਵੱਡੀ ਮਾਤਰਾ 'ਚ ਨਕਦੀ ਜਮ੍ਹਾ ਕਰਾਈ ਹੈ। ਜੇਕਰ ਕੋਈ 31 ਜੁਲਾਈ ਤਕ ਭਰੀ ਜਾਣ ਵਾਲੀ ਰਿਟਰਨ 'ਚ ਆਪਣੀ ਆਮਦਨ ਦੀ ਸਹੀ ਜਾਣਕਾਰੀ ਨਹੀਂ ਦਿੰਦਾ ਹੈ, ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾ ਸਕਦੀ ਹੈ। ਇਨਕਮ ਟੈਕਸ ਵਿਭਾਗ ਇਸ 'ਤੇ ਖਾਸ ਤੌਰ 'ਤੇ ਨਜ਼ਰ ਰੱਖ ਰਿਹਾ ਹੈ। ਅਜਿਹੇ 'ਚ ਆਪਣੀ ਆਮਦਨ ਅਤੇ ਇਸ ਦੇ ਸਰੋਤ ਬਾਰੇ ਲੁਕਾਉਣ ਦੀ ਗਲਤੀ ਬਿਲਕੁਲ ਨਾ ਕਰੋ। ਵਿਭਾਗ ਅਜਿਹੇ ਲੋਕਾਂ 'ਤੇ ਵੀ ਨਜ਼ਰ ਰੱਖ ਰਿਹਾ ਹੈ, ਜਿਨ੍ਹਾਂ ਨੇ ਕਈ ਸਾਰੇ ਬੈਂਕ ਖਾਤਿਆਂ 'ਚ ਨਕਦੀ ਜਮ੍ਹਾ ਕਰਾਈ ਹੈ ਜਾਂ ਬਹੁਤ ਮਹਿੰਗੀ ਜਾਇਦਾਦ ਖਰੀਦੀ ਹੈ ਜਾਂ ਫਿਰ ਨੋਟਬੰਦੀ ਦੌਰਾਨ ਵਿਦੇਸ਼ 'ਚ ਲੈਣ-ਦੇਣ ਕੀਤਾ ਹੈ। ਉੱਥੇ ਹੀ ਉਨ੍ਹਾਂ ਸਰਕਾਰੀ ਕਰਮਚਾਰੀਆਂ ਅਤੇ ਪਬਲਿਕ ਸੈਕਟਰ ਕੰਪਨੀਆਂ ਦੇ ਕਰਮਚਾਰੀਆਂ 'ਤੇ ਵੀ ਨਜ਼ਰ ਹੈ, ਜਿਨ੍ਹਾਂ ਨੇ ਭਾਰੀ ਮਾਤਰਾ 'ਚ ਨਕਦੀ ਜਮ੍ਹਾ ਕਰਾਈ ਹੈ ਜਾਂ ਫਿਰ ਉਸ ਨਾਲ ਕੋਈ ਵੱਡੀ ਖਰੀਦਦਾਰੀ ਕੀਤੀ ਹੈ।


Related News