ਇਕ ਵਾਰ ਫਿਰ ਤੋਂ ਉੱਚਾਈ ਨੂੰ ਛੂਹ ਸਕਦੈ ਪੈਟਰੋਲ-ਡੀਜ਼ਲ

03/14/2019 10:49:26 PM

ਨਵੀਂ ਦਿੱਲੀ- ਦੇਸ਼ ਵਿਚ ਚੋਣਾਂ (ਇਲੈਕਸ਼ਨ) ਦਾ ਐਲਾਨ ਹੋ ਚੁੱਕਾ ਹੈ। ਭਾਜਪਾ ਦੇਸ਼ ਵਿਚ ਇਕ ਵਾਰ ਫਿਰ ਤੋਂ ਸੱਤਾ ਹਾਸਲ ਕਰਨ ਦੀ ਕੋਈ ਕਸਰ ਨਹੀਂ ਛੱਡ ਰਹੀ ਹੈ। ਉਥੇ ਹੀ ਪੀ. ਐੱਮ. ਮੋਦੀ ਅਤੇ ਭਾਜਪਾ ਦੇ ਸਾਹਮਣੇ ਇਲੈਕਸ਼ਨ ਦੇ ਸਮੇਂ ਇਕ ਵੱਡੀ ਰੁਕਾਵਟ ਖੜ੍ਹੀ ਹੋ ਸਕਦੀ ਹੈ, ਉਹ ਹੈ ਕਰੂਡ ਆਇਲ ਦੇ ਮੁੱਲ। ਕਰੂਡ ਆਇਲ ਦੇ ਮੁੱਲ ਵਧਣਗੇ ਤਾਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ। ਇਹ ਸਮੱਸਿਆ ਨਰਿੰਦਰ ਮੋਦੀ ਲਈ ਸਭ ਤੋਂ ਵੱਡੀ ਹੋਵੇਗੀ।
ਜਾਣਕਾਰਾਂ ਨੇ ਅਨੁਮਾਨ ਲਾਇਆ ਹੈ ਕਿ ਅਪ੍ਰੈਲ ਦੇ ਆਖਰੀ ਹਫ਼ਤੇ ਵਿਚ ਕਰੂਡ ਆਇਲ ਦੇ ਮੁੱਲ 75 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੇ ਹਨ, ਜਿਸ ਦੀ ਵਜ੍ਹਾ ਨਾਲ ਦੇਸ਼ ਵਿਚ ਪੈਟਰੋਲ ਦੇ ਮੁੱਲ ਇਕ ਵਾਰ ਫਿਰ ਤੋਂ ਉੱਚਾਈ ਨੂੰ ਛੂਹ ਸਕਦੇ ਹਨ। ਖਾਸ ਗੱਲ ਇਹ ਹੈ ਕਿ ਉਸ ਵੇਲੇ ਚੋਣਾਂ ਸ਼ੁਰੂ ਹੋ ਚੁੱਕੀਆਂ ਹੋਣਗੀਆਂ। ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿਚ ਵਾਧੇ ਨਾਲ ਦੇਸ਼ ਦੀ ਜਨਤਾ ਦੀ ਵੋਟ ਸੱਤਾਧਾਰੀ ਪਾਰਟੀ ਦੇ ਖਿਲਾਫ ਵੀ ਜਾ ਸਕਦੀ ਹੈ।
ਕਰੂਡ ਆਇਲ ਦੇ ਮੁੱਲ ਨਾਲ ਹੋਵੇਗੀ ਵੱਡੀ ਸਮੱਸਿਆ
ਏਂਜੇਲ ਬ੍ਰੋਕਿੰਗ ਦੇ ਡਿਪਟੀ ਵਾਈਸ ਪ੍ਰੈਜ਼ੀਡੈਂਟ ਅਨੁਜ ਗੁਪਤਾ ਨੇ ਦੱਸਿਆ ਕਿ ਜਿਸ ਤਰ੍ਹਾਂ ਨਾਲ ਅਮਰੀਕਾ ਈਰਾਨ ਦੇ ਕਰੂਡ ਆਇਲ 'ਤੇ ਰੋਕ ਲਾ ਰਿਹਾ ਹੈ, ਉਸ ਦਾ ਅਸਰ ਆਉਣ ਵਾਲੇ ਦਿਨਾਂ ਵਿਚ ਭਾਰਤ 'ਤੇ ਵੀ ਪਵੇਗਾ। ਅਮਰੀਕਾ ਵਲੋਂ ਦਿੱਤੀ ਗਈ 6 ਮਹੀਨਿਆਂ ਦੀ ਮਿਆਦ ਮਈ ਵਿਚ ਖਤਮ ਹੋ ਰਹੀ ਹੈ। ਉਥੇ ਹੀ ਵੈਨੇਜ਼ੁਏਲਾ 'ਤੇ ਰੋਕ ਲਾ ਕੇ ਕਰੂਡ ਆਇਲ ਦੇ ਰਸਤੇ ਬੰਦ ਹੋ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਓਪੇਕ ਦੇਸ਼ ਕਰੂਡ ਆਇਲ ਦਾ ਪ੍ਰੋਡਕਸ਼ਨ ਆਪਣੇ ਕੁਲ-ਵਕਤੀ ਹੇਠਲੇ (ਆਲਟਾਈਮ ਲੋਅ) ਪੱਧਰ 'ਤੇ ਲੈ ਕੇ ਆ ਗਏ ਹਨ। ਚੀਨ ਅਤੇ ਅਮਰੀਕਾ ਵਿਚਕਾਰ ਟ੍ਰੇਡ ਵਾਰ ਖਤਮ ਹੋਣ ਨਾਲ ਕਰੂਡ ਆਇਲ ਦੀ ਮੰਗ ਵੀ ਵਧੇਗੀ, ਜਿਸ ਦੀ ਵਜ੍ਹਾ ਨਾਲ ਇੰਟਰਨੈਸ਼ਨਲ ਮਾਰਕੀਟ ਵਿਚ ਕਰੂਡ ਆਇਲ ਦੀ ਕੀਮਤ ਵਿਚ ਵਾਧਾ ਹੋ ਸਕਦਾ ਹੈ।
ਇਕ ਮਹੀਨੇ ਵਿਚ 15 ਤੋਂ 20 ਫ਼ੀਸਦੀ ਤੱਕ ਵਧੇ ਮੁੱਲ
ਮੌਜੂਦਾ ਸਮੇਂ ਵਿਚ ਡਬਲਯੂ. ਟੀ. ਆਈ. ਕਰੂਡ ਆਇਲ ਦੇ ਮੁੱਲ 58 ਡਾਲਰ ਪ੍ਰਤੀ ਬੈਰਲ ਹਨ। ਉਥੇ ਹੀ ਬਰੇਂਟ ਕਰੂਡ ਆਇਲ ਦੇ ਮੁੱਲ 68 ਡਾਲਰ ਪ੍ਰਤੀ ਬੈਰਲ ਹਨ। ਜਾਣਕਾਰਾਂ ਦੀ ਮੰਨੀਏ ਤਾਂ ਪਿਛਲੇ ਇਕ ਮਹੀਨੇ ਵਿਚ ਕਰੂਡ ਆਇਲ ਦੇ ਮੁੱਲ 'ਚ 15 ਤੋਂ 20 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ। ਜੇਕਰ ਇੰਟਰਨੈਸ਼ਨਲ ਮਾਰਕੀਟ ਵਿਚ ਇਸੇ ਤਰ੍ਹਾਂ ਦੇ ਰੁਝਾਨ ਰਹੇ ਤਾਂ ਬਰੇਂਟ ਕਰੂਡ ਆਇਲ ਦੇ ਮੁੱਲ 75 ਤੋਂ 77 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੇ ਹਨ। ਉਥੇ ਹੀ ਡਬਲਯੂ. ਟੀ. ਆਈ. ਕਰੂਡ ਆਇਲ ਦੇ ਮੁੱਲ 65 ਤੋਂ 67 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੇ ਹਨ।
90 ਰੁਪਏ ਤੱਕ ਪਹੁੰਚ ਸਕਦੈ ਪੈਟਰੋਲ
ਜੇਕਰ ਕਰੂਡ ਆਇਲ ਦੇ ਮੁੱਲ ਵਿਚ ਵਾਧਾ ਹੁੰਦਾ ਹੈ ਤਾਂ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲੇਗਾ। ਸੂਤਰਾਂ ਅਨੁਸਾਰ ਅਪ੍ਰੈਲ ਦੇ ਅਖੀਰ ਅਤੇ ਮਈ ਦੀ ਸ਼ੁਰੂਆਤ ਵਿਚ ਪੈਟਰੋਲ 85 ਤੋਂ ਲੈ ਕੇ 90 ਰੁਪਏ ਪ੍ਰਤੀ ਲਿਟਰ ਤੱਕ ਪਹੁੰਚ ਸਕਦਾ ਹੈ। ਉਥੇ ਹੀ ਡੀਜ਼ਲ ਦੇ ਮੁੱਲ ਵਿਚ ਵੀ 75 ਰੁਪਏ ਪ੍ਰਤੀ ਲਿਟਰ ਤੋਂ 77 ਰੁਪਏ ਪ੍ਰਤੀ ਲਿਟਰ ਤੱਕ ਵਾਧਾ ਹੋ ਸਕਦਾ ਹੈ। ਚੋਣਾਂ ਦੇ ਸਮੇਂ ਵਿਚ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਵਿਚ ਵਾਧਾ ਲੋਕਾਂ ਵਿਚ ਗੁੱਸਾ ਪੈਦਾ ਕਰ ਸਕਦਾ ਹੈ। ਅਜਿਹੇ ਵਿਚ ਸੱਤਾਧਾਰੀ ਪਾਰਟੀ ਭਾਜਪਾ ਅਤੇ ਖੁਦ ਪੀ. ਐੱਮ. ਨਰਿੰਦਰ ਮੋਦੀ ਲਈ ਲੋਕਾਂ ਨੂੰ ਸਮਝਾਉਣਾ ਕਾਫ਼ੀ ਮੁਸ਼ਕਿਲ ਹੋ ਜਾਵੇਗਾ ਕਿ ਅਖੀਰ ਪੈਟਰੋਲ ਅਤੇ ਡੀਜ਼ਲ ਦੇ ਮੁੱਲ ਕਿਵੇਂ ਅਤੇ ਕਿਸ ਤਰ੍ਹਾਂ ਵਧ ਰਹੇ ਹਨ।


satpal klair

Content Editor

Related News