ਹਫ਼ਤੇ ਦੇ ਆਖਰੀ ਦਿਨ ਸ਼ੇਅਰ ਬਾਜ਼ਾਰ ''ਚ ਆਈ ਤੇਜ਼ੀ, ਸੈਂਸੈਕਸ 178.34 ਅੰਕ ਚੜ੍ਹਿਆ
Friday, May 26, 2023 - 10:58 AM (IST)
ਮੁੰਬਈ (ਭਾਸ਼ਾ) - ਰਿਲਾਇੰਸ ਇੰਡਸਟਰੀਜ਼ ਵਰਗੇ ਵੱਡੇ ਸ਼ੇਅਰਾਂ ਵਿੱਚ ਤਾਜ਼ਾ ਖ਼ਰੀਦਦਾਰੀ, ਵਿਦੇਸ਼ੀ ਫੰਡਾਂ ਦੀ ਖਰੀਦਦਾਰੀ ਅਤੇ ਪ੍ਰਮੁੱਖ ਗਲੋਬਲ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਦੇ ਵਿਚਕਾਰ ਪ੍ਰਮੁੱਖ ਸ਼ੇਅਰ ਬਾਜ਼ਾਰਾਂ ਵਿੱਚ ਸ਼ੁੱਕਰਵਾਰ ਵਾਲੇ ਦਿਨ ਸ਼ੁਰੂਆਤੀ ਕਾਰੋਬਾਰ ਵਿੱਚ ਤੇਜ਼ੀ ਜਾਰੀ ਰਹੀ। ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 178.34 ਅੰਕ ਚੜ੍ਹ ਕੇ 62,050.96 'ਤੇ ਪਹੁੰਚ ਗਿਆ। NSE ਨਿਫਟੀ 51.1 ਅੰਕ ਚੜ੍ਹ ਕੇ 18,372.25 'ਤੇ ਬੰਦ ਹੋਇਆ।
ਸੈਂਸੈਕਸ ਦੇ ਸ਼ੇਅਰਾਂ ਵਿੱਚ ਰਿਲਾਇੰਸ ਇੰਡਸਟਰੀਜ਼, ਟੇਕ ਮਹਿੰਦਰਾ, ਮਾਰੂਤੀ, ਅਲਟਰਾਟੈਕ ਸੀਮੈਂਟ, ਵਿਪਰੋ, ਬਜਾਜ ਫਿਨਸਰਵ, ਹਿੰਦੁਸਤਾਨ ਯੂਨੀਲੀਵਰ, ਇੰਫੋਸਿਸ, ਟਾਈਟਨ ਅਤੇ ਐੱਸਬੀਆਈ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਦੂਜੇ ਪਾਸੇ ਪਾਵਰ ਗਰਿੱਡ, ਐੱਚਡੀਐੱਫਸੀ, ਐਕਸਿਸ ਬੈਂਕ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ ਅਤੇ ਐੱਚਡੀਐੱਫਸੀ ਬੈਂਕ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹੋਰ ਏਸ਼ੀਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੀ ਲਾਭ ਵਿੱਚ ਰਹੇ, ਜਦਕਿ ਚੀਨ ਦੇ ਸ਼ੰਘਾਈ ਕੰਪੋਜ਼ਿਟ ਵਿੱਚ ਗਿਰਾਵਟ ਦਰਜ ਕੀਤੀ ਗਈ।
ਦੱਸ ਦੇਈਏ ਕਿ ਵੀਰਵਾਰ ਨੂੰ ਜ਼ਿਆਦਾਤਰ ਅਮਰੀਕੀ ਬਾਜ਼ਾਰ ਵਾਧੇ ਦੇ ਨਾਲ ਬੰਦ ਹੋਏ। ਪਿਛਲੇ ਕਾਰੋਬਾਰੀ ਸੈਸ਼ਨ 'ਚ ਸੈਂਸੈਕਸ 98.84 ਅੰਕ ਜਾਂ 0.16 ਫ਼ੀਸਦੀ ਚੜ੍ਹ ਕੇ 61,872.62 'ਤੇ ਬੰਦ ਹੋਇਆ ਸੀ। ਨਿਫਟੀ 35.75 ਅੰਕ ਜਾਂ 0.20 ਫ਼ੀਸਦੀ ਦੇ ਵਾਧੇ ਨਾਲ 18,321.15 'ਤੇ ਬੰਦ ਹੋਇਆ। ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ.ਆਈ.ਆਈ.) ਨੇ ਵੀਰਵਾਰ ਨੂੰ ਸ਼ੁੱਧ ਰੂਪ ਨਾਲ 589.10 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.26 ਫ਼ੀਸਦੀ ਡਿੱਗ ਕੇ 76.06 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।