GST ਦੇ 4 ਸਾਲ ਪੂਰੇ, ਵਿੱਤ ਮੰਤਰਾਲਾ ਨੇ ਟੈਕਸਦਾਤਿਆਂ ਤੇ ਦਾਖਲ ਰਿਟਰਨਾਂ ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ

Wednesday, Jun 30, 2021 - 04:23 PM (IST)

GST ਦੇ 4 ਸਾਲ ਪੂਰੇ, ਵਿੱਤ ਮੰਤਰਾਲਾ ਨੇ ਟੈਕਸਦਾਤਿਆਂ ਤੇ ਦਾਖਲ ਰਿਟਰਨਾਂ ਨੂੰ ਲੈ ਕੇ ਕਹੀਆਂ ਵੱਡੀਆਂ ਗੱਲਾਂ

ਬਿਜ਼ਨੈੱਸ ਡੈਸਕ : ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਵਿਵਸਥਾ ਦੇ 4 ਸਾਲ ਪੂਰੇ ਹੋਣ ਮੌਕੇ ਵਿੱਤ ਮੰਤਰਾਲਾ ਨੇ ਬੁੱਧਵਾਰ ਕਿਹਾ ਕਿ ਹੁਣ ਤਕ 66 ਕਰੋੜ ਤੋਂ ਵੱਧ ਜੀ. ਐੱਸ. ਟੀ. ਰਿਟਰਨ ਦਾਖਲ ਕੀਤੇ ਗਏ, ਟੈਕਸ ਦੀਆਂ ਦਰਾਂ ’ਚ ਕਟੌਤੀ ਹੋਈ ਤੇ ਟੈਕਸਦਾਤਿਆਂ ਦੀ ਗਿਣਤੀ ਵਧੀ ਹੈ। ਪੂਰੇ ਦੇਸ਼ ਵਿਚ ਰਾਸ਼ਟਰ ਪੱਧਰੀ ਜੀ. ਐੱਸ. ਟੀ. 1 ਜੁਲਾਈ 2017 ਨੂੰ ਲਾਗੂ ਕੀਤਾ ਗਿਆ ਸੀ, ਜਿਸ ਨਾਲ ਉਤਪਾਦ ਫੀਸ, ਸੇਵਾ ਕਰ, ਵੈਟ ਤੇ 13 ਉਪ ਟੈਕਸ ਵਰਗੇ ਕੁਲ 17 ਸਥਾਨਕ ਟੈਕਸ ਸ਼ਾਮਲ ਸਨ।

ਜੀ. ਐੱਸ. ਟੀ. ਨੇ ਟੈਕਸਦਾਤਿਆ ਦੇ ਲਈ ਪਾਲਣਾ ਨੂੰ ਬਣਾਇਆ ਸੌਖਾ
ਵਿੱਤ ਮੰਤਰਾਲਾ ਨੇ ਟਵੀਟ ਕਰ ਕੇ ਕਿਹਾ ਕਿ ਜੀ. ਐੱਸ. ਟੀ. ਨੇ ਸਾਰੇ ਟੈਕਸਦਾਤਿਆਂ ਲਈ ਪਾਲਣਾ ਨੂੰ ਸੌਖਾ ਬਣਾ ਦਿੱਤਾ ਹੈ ਤੇ ਜੀ. ਐੱਸ. ਟੀ. ਪ੍ਰੀਸ਼ਦ ਨੇ ਕੋਰੋਨਾ ਮਹਾਮਾਰੀ ਦੇ ਕਹਿਰ ਦੇ ਮੱਦੇਨਜ਼ਰ ਕਈ ਰਾਹਤ ਉਪਾਵਾਂ ਦੀ ਸਿਫਾਰਿਸ਼ ਵੀ ਕੀਤੀ ਹੈ। ਜੀ. ਐੱਸ. ਟੀ. ਦੇ ਅਧੀਨ 40 ਲੱਖ ਰੁਪਏ ਤੱਕ ਸਾਲਾਨਾ ਕਾਰੋਬਾਰ ਵਾਲੇ ਕਾਰੋਬਾਰੀਆਂ ਨੂੰ ਟੈਕਸ ’ਚ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ 1.5 ਕਰੋੜ ਰੁਪਏ ਤੱਕ ਦੇ ਟਰਨਓਵਰ ਵਾਲੇ ਲੋਕ ਕੰਪੋਜ਼ੀਸ਼ਨ ਸਕੀਮ ਦਾ ਬਦਲ ਚੁਣ ਸਕਦੇ ਹਨ ਤੇ ਸਿਰਫ ਇਕ ਫੀਸਦੀ ਟੈਕਸ ਦਾ ਭੁਗਤਾਨ ਕਰ ਸਕਦੇ ਹਨ।

ਇਹ ਵੀ ਪੜ੍ਹੋ :  ਅਮਰੀਕਾ ਦੇ ਹਵਾਬਾਜ਼ੀ ਉਦਯੋਗ ’ਚ ਪਰਤੀ ਬਹਾਰ, ਯੂਨਾਈਟਿਡ ਏਅਰਲਾਈਨਜ਼ ਖ਼ਰੀਦੇਗੀ ਨਵੇਂ ਜਹਾਜ਼

ਇਸੇ ਤਰ੍ਹਾਂ ਸੇਵਾਵਾਂ ਲਈ ਇਕ ਸਾਲ ਵਿਚ 20 ਲੱਖ ਰੁਪਏ ਤੱਕ ਕਾਰੋਬਾਰ ਵਾਲੇ ਕਾਰੋਬਾਰੀਆਂ ਨੂੰ ਜੀ. ਐੱਸ. ਟੀ. ਤੋਂ ਛੋਟ ਦਿੱਤੀ ਗਈ ਹੈ। ਇਸ ਤੋਂ ਬਾਅਦ ਇਕ ਸਾਲ ਵਿਚ 50 ਲੱਖ ਰੁਪਏ ਤੱਕ ਦਾ ਕਾਰੋਬਾਰ ਕਰਨ ਵਾਲੇ ਸੇਵਾਪ੍ਰਦਾਤਾ ਕੰਪੋਜ਼ੀਸ਼ਨ ਸਕੀਮ ਦਾ ਬਦਲ ਚੁਣ ਸਕਦੇ ਹਨ ਤੇ ਉਨ੍ਹਾਂ ਨੂੰ ਸਿਰਫ 6 ਫੀਸਦੀ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਮੰਤਰਾਲਾ ਨੇ ਟਵੀਟ ਕੀਤਾ, ‘‘ਹੁਣ ਉਹ ਵੱਡੇ ਪੱਧਰ ’ਤੇ ਸਵੀਕਾਰ ਕਰ ਲਿਆ ਗਿਆ ਹੈ ਕਿ ਜੀ. ਐੱਸ. ਟੀ. ਖਪਤਕਾਰਾਂ ਤੇ ਟੈਕਸਦਾਤਿਆਂ, ਦੋਵਾਂ ਦੇ ਅਨੁਕੂਲ ਹੈ। ਜੀ. ਐੱਸ. ਟੀ. ਤੋਂ ਪਹਿਲਾਂ ਉੱਚ ਟੈਕਸ ਦਰਾਂ ਨੇ ਟੈਕਸ ਭੁਗਤਾਨ ਕਰਨ ਨੂੰ ਨਿਰਾਸ਼ ਕੀਤਾ, ਹਾਲਾਂਕਿ ਜੀ. ਐੱਸ. ਟੀ. ਦੇ ਅਧੀਨ ਘੱਟ ਦਰਾਂ ਨੇ ਟੈਕਸ ਅਦਾ ਕਰਨ ਦੀ ਦਰ ਨੂੰ ਵਧਾਉਣ ਵਿਚ ਮਦਦ ਕੀਤੀ। ਹੁਣ ਤਕ 66 ਕਰੋੜ ਤੋਂ ਵੱਧ ਜੀ. ਐੱਸ. ਟੀ. ਰਿਟਰਨ ਦਾਖਲ ਕੀਤੇ ਗਏ ਹਨ।’’

ਇਹ ਵੀ ਪੜ੍ਹੋ : 1 ਜੁਲਾਈ ਤੋਂ ਵਧ ਜਾਣਗੀਆਂ ਅਮੂਲ ਦੁੱਧ ਦੀਆਂ ਕੀਮਤਾਂ, ਹੋਵੇਗਾ ਇੰਨਾ ਵਾਧਾ

ਜੀ. ਐੱਸ. ਟੀ. ਨੇ ਭਾਰਤ ਨੂੰ ਇਕ ਬਾਜ਼ਾਰ ’ਚ ਇਕਜੁੱਟ ਕੀਤਾ
ਵਿੱਤ ਮੰਤਰਾਲਾ ਨੇ ਕਿਹਾ ਕਿ ਜੀ. ਐੱਸ. ਟੀ. ਦੇ ਅਧੀਨ ਤਕਰੀਬਨ 1.3 ਕਰੋੜ ਟੈਕਸਦਾਤਿਆਂ ਦੇ ਪੰਜੀਕਰਨ ਨਾਲ ਇਸ ਦੀ ਪਾਲਣਾ ਕਰਨ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ। ਵਿੱਤ ਮੰਤਰਾਲਾ ਨੇ ਹੈਸ਼ਟੈਗ ‘4ਈਅਰਆਫਜੀਐੱਸਟੀ’ ਨਾਲ ਟਵੀਟ ਕਰਦਿਆਂ ਕਿਹਾ ਕਿ ਜੀ. ਐੱਸ. ਟੀ. ਨੇ ਉੱਚ ਟੈਕਸ ਦਰਾਂ ਨੂੰ ਘੱਟ ਕੀਤਾ। ਮੰਤਰਾਲਾ ਨੇ ਕਿਹਾ ਕਿ ਆਰ. ਐੱਨ. ਆਰ. ਸੰਮਤੀ ਵੱਲੋਂ ਸਿਫਾਰਿਸ਼ੀ ਮਾਲੀਆ ਦਰ 15.3 ਫੀਸਦੀ ਸੀ। ਇਸ ਦੀ ਤੁਲਨਾ ਵਿਚ ਆਰ. ਬੀ. ਆਈ. ਦੇ ਅਨੁਸਾਰ ਮੌਜੂਦਾ ਵਿਚ ਜੀ. ਐੱਸ. ਟੀ. ਦਰ ਸਿਰਫ 11.6 ਫੀਸਦੀ ਹੈ। ਮੰਤਰਾਲਾ ਨੇ ਅੱਗੇ ਕਿਹਾ ਕਿ ਜੀ. ਐੱਸ. ਟੀ. ਨੇ ਗੁੰਝਲਦਾਰ ਅਪ੍ਰਤੱਖ ਟੈਕਸ ਢਾਂਚੇ ਨੂੰ ਇਕ ਸਰਲ, ਪਾਰਦਰਸ਼ੀ ਤੇ ਤਕਨਾਲੋਜੀ ਨਾਲ ਚੱਲਣ ਵਾਲੇ ਟੈਕਸ ਪ੍ਰਬੰਧ ਵਿਚ ਬਦਲ ਦਿੱਤਾ ਹੈ ਤੇ ਇਸ ਤਰ੍ਹਾਂ ਭਾਰਤ ਨੂੰ ਇਕ ਬਾਜ਼ਾਰ ਵਿਚ ਇਕਜੁੱਟ ਕੀਤਾ ਹੈ।
 


author

Manoj

Content Editor

Related News