ਪੈਟਰੋਲ, ਡੀਜ਼ਲ ਨੂੰ ਲੈ ਕੇ ਲੱਗ ਸਕਦੈ ਜ਼ੋਰ ਦਾ ਝਟਕਾ, 70 ਡਾਲਰ ''ਤੇ ਬ੍ਰੈਂਟ
Monday, Mar 08, 2021 - 05:02 PM (IST)
ਨਵੀਂ ਦਿੱਲੀ- ਪੈਟਰੋਲ ਦੀਆਂ ਕੀਮਤਾਂ ਕੁਝ ਜਗ੍ਹਾ 100 ਰੁਪਏ ਪ੍ਰਤੀ ਲਿਟਰ ਨੂੰ ਪਾਰ ਕਰ ਗਈਆਂ ਹਨ, ਅਜਿਹੀ ਸਥਿਤੀ ਵਿਚ ਕੇਂਦਰ 'ਤੇ ਐਕਸਾਈਜ਼ ਡਿਊਟੀ ਘਟਾਉਣ ਦਾ ਦਬਾਅ ਬਣ ਰਿਹਾ ਹੈ। ਮੰਨਿਆ ਜਾ ਰਿਹਾ ਹੈ ਪੰਜ ਸੂਬਿਆਂ ਵਿਚ ਚੋਣਾਂ ਨੂੰ ਦੇਖਦੇ ਹੋਏ ਡਿਊਟੀ ਵਿਚ ਕਮੀ ਕੀਤੀ ਜਾ ਸਕਦੀ ਹੈ ਪਰ ਚੋਣਾਂ ਖ਼ਤਮ ਹੋਣ ਪਿੱਛੋਂ ਕੀਮਤਾਂ ਫਿਰ ਵੱਧ ਸਕਦੀਆਂ ਹਨ ਕਿਉਂਕਿ ਕੱਚਾ ਤੇਲ ਜਲਦ 80 ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ। ਇਸ ਮਾਹੌਲ ਵਿਚ ਸਰਕਾਰ ਕੀਮਤਾਂ ਘਟਾਉਣ ਬਾਰੇ ਸੋਚ ਸਮਝ ਕੇ ਫ਼ੈਸਲਾ ਲਵੇਗੀ।
70 ਡਾਲਰ ਤੋਂ ਪਾਰ ਬ੍ਰੈਂਟ
ਮੌਜੂਦਾ ਸਮੇਂ ਕੱਚੇ ਤੇਲ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈ ਹੈ। ਓਪੇਕ ਪਲੱਸ ਨੇ ਸਪਲਾਈ ਨੂੰ ਲੈ ਕੇ ਕੋਈ ਵੱਡਾ ਕਦਮ ਨਹੀਂ ਚੁੱਕਿਆ ਹੈ। ਇਸ ਨੇ 1 ਅਪ੍ਰੈਲ ਤੋਂ ਸਿਰਫ਼ 1.5 ਲੱਖ ਬੈਰਲ ਪ੍ਰਤੀ ਦਿਨ ਉਤਪਾਦਨ ਵਧਾਉਣ ਦਾ ਫ਼ੈਸਲਾ ਕੀਤਾ ਹੈ, ਜਦੋਂ ਕਿ ਬਾਜ਼ਾਰ ਦੀ ਮੰਗ 15 ਲੱਖ ਬੈਰਲ ਪ੍ਰਤੀ ਦਿਨ ਉਤਪਾਦਨ ਵਧਾਉਣ ਦੀ ਸੀ। ਉੱਥੇ ਹੀ, ਸਾਊਦੀ ਨੇ ਆਪਣੀ 10 ਲੱਖ ਬੈਰਲ ਪ੍ਰਤੀ ਦਿਨ ਦੀ ਕਟੌਤੀ ਨੂੰ ਅਪ੍ਰੈਲ ਮਹੀਨੇ ਦੌਰਾਨ ਵੀ ਕਾਇਮ ਰੱਖਣ ਦਾ ਫ਼ੈਸਲਾ ਕੀਤਾ ਹੈ। ਗੋਲਡਮੈਨ ਸਾਕਸ ਮੁਤਾਬਕ, ਜੂਨ ਤਿਮਾਹੀ ਵਿਚ ਬ੍ਰੈਂਟ 75 ਡਾਲਰ ਪ੍ਰਤੀ ਬੈਰਲ 'ਤੇ ਜਾ ਸਕਦਾ ਹੈ ਅਤੇ ਸਤੰਬਰ ਤੱਕ ਇਹ 80 ਡਾਲਰ ਨੂੰ ਛੂਹ ਸਕਦਾ ਹੈ।