ਪੰਜ ਮਹੀਨੇ ਦੇ ਹੇਠਲੇ ਪੱਧਰ ''ਤੇ ਕੱਚਾ ਤੇਲ, ਸਸਤਾ ਹੋਵੇਗਾ ਪੈਟਰੋਲ-ਡੀਜ਼ਲ!
Saturday, Oct 31, 2020 - 02:24 PM (IST)
ਵਾਸ਼ਿੰਗਟਨ— ਯੂਰਪ ਤੇ ਅਮਰੀਕਾ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਕਾਰਨ ਈਂਧਣ ਦੀ ਖ਼ਪਤ ਘਟਣ ਦੀ ਚਿੰਤਾ 'ਚ ਗਲੋਬਲ ਤੇਲ ਕੀਮਤਾਂ 'ਚ ਗਿਰਾਵਟ ਜਾਰੀ ਹੈ। ਕੱਚੇ ਤੇਲ ਦੀ ਕੀਮਤ 5 ਮਹੀਨਿਆਂ ਦੇ ਹੇਠਲੇ ਪੱਧਰ 'ਤੇ ਚਲੀ ਗਈ ਹੈ। ਕੱਚਾ ਤੇਲ 40 ਡਾਲਰ ਪ੍ਰਤੀ ਬੈਰਲ ਤੋਂ ਥੱਲ੍ਹੇ ਜਾਣ ਦੇ ਮੱਦੇਨਜ਼ਰ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪੈਟਰੋਲ-ਡੀਜ਼ਲ ਕੀਮਤਾਂ 'ਚ ਕਟੌਤੀ ਕਰਨੀ ਪੈ ਸਕਦੀ ਹੈ ਕਿਉਂਕਿ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਪਿਛਲੇ ਕਈ ਦਿਨਾਂ ਤੋਂ ਕੀਮਤਾਂ ਲਗਾਤਾਰ ਸਥਿਰ ਹਨ।
ਪਿਛਲੇ ਸੈਸ਼ਨ 'ਚ ਪੰਜ ਮਹੀਨਿਆਂ ਦਾ ਹੇਠਲਾ ਪੱਧਰ ਛੂਹਣ ਪਿੱਛੋਂ ਬ੍ਰੈਂਟ ਕੱਚਾ ਤੇਲ ਸ਼ੁੱਕਰਵਾਰ ਨੂੰ ਤੀਜੇ ਦਿਨ ਸਸਤਾ ਹੋਇਆ ਹੈ ਅਤੇ ਦਸੰਬਰ ਕੰਟਰੈਕਟ ਦੀ ਸਮਾਪਤੀ ਦੇ ਨਾਲ ਹੀ ਇਹ 0.5 ਫੀਸਦੀ ਦੀ ਗਿਰਾਵਟ ਨਾਲ 37.46 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ।
ਉੱਥੇ ਹੀ, ਅਮਰੀਕੀ ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊ. ਟੀ. ਆਈ.) ਕੱਚਾ ਤੇਲ 1.1 ਫੀਸਦੀ ਦੀ ਗਿਰਾਵਟ ਨਾਲ ਪੰਜ ਮਹੀਨਿਆਂ ਦੇ ਹੇਠਲੇ ਪੱਧਰ 37.79 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ। ਸਿੰਗਾਪੁਰ ਦੇ ਇਕ ਤੇਲ ਵਪਾਰੀ ਨੇ ਕਿਹਾ ਕਿ ਯੂਰਪ 'ਚ ਨਵੇਂ ਸਿਰਿਓਂ ਤਾਲਾਬੰਦੀ ਕਾਰਨ ਬਾਜ਼ਾਰ ਚਿੰਤਤ ਹੈ ਅਤੇ ਅਮਰੀਕਾ 'ਚ ਅਗਲੇ ਹਫ਼ਤੇ ਹੋਣ ਵਾਲੀਆਂ ਚੋਣਾਂ 'ਤੇ ਵੀ ਸਭ ਦੀ ਨਜ਼ਰ ਹੈ।
ਇਸ ਵਿਚਕਾਰ ਪੈਟਰੋਲੀਅਮ ਬਰਾਮਦਕਾਰ ਸੰਗਠਨ ਓਪੇਕ ਤੇ ਰੂਸ ਦੇ ਸਹਿਯੋਗੀ ਦੇਸ਼ ਜਿਨ੍ਹਾਂ ਨੂੰ ਮਿਲਾ ਕੇ ਓਪੇਕ ਪਲੱਸ ਵੀ ਕਿਹਾ ਜਾਂਦਾ ਹੈ, ਉਤਪਾਦਨ ਨੂੰ ਲੈ ਕੇ ਹੋਏ ਆਪਸੀ ਸਮਝੌਤੇ ਤਹਿਤ ਜਨਵਰੀ 'ਚ 20 ਲੱਖ ਬੈਰਲ ਪ੍ਰਤੀ ਦਿਨ ਦੀ ਸਪਲਾਈ ਵਧਾ ਸਕਦੇ ਹਨ। ਹਾਲਾਂਕਿ, ਸਾਊਦੀ ਅਤੇ ਰੂਸ ਕੋਰੋਨਾ ਕਾਰਨ ਯੂਰਪ 'ਚ ਤਾਲੰਬਦੀ ਹੋਣ ਦੀ ਵਜ੍ਹਾ ਨਾਲ ਮੌਜੂਦਾ 77 ਲੱਖ ਬੈਰਲ ਪ੍ਰਤੀ ਦਿਨ ਦੀ ਕਟੌਤੀ ਨੂੰ ਬਰਕਰਾਰ ਰੱਖਣ ਦੇ ਪੱਖ 'ਚ ਹਨ, ਜਦੋਂ ਕਿ ਲੀਬੀਆ ਨੇ ਮੁੜ ਉਤਪਾਦਨ ਸ਼ੁਰੂ ਕਰ ਦਿੱਤਾ ਹੈ। ਸਪਲਾਈ ਨੂੰ ਲੈ ਕੇ ਅਗਲੀ ਰਣਨੀਤੀ ਕੀ ਹੋਵੇਗੀ ਇਸ ਨੂੰ ਲੈ ਕੇ ਓਪਕ ਪਲੱਸ ਨੀਤੀ ਨਿਰਧਾਰਤ ਕਰਨ ਲਈ 30 ਨਵੰਬਰ ਅਤੇ 1 ਦਸੰਬਰ ਨੂੰ ਬੈਠਕ ਕਰਨ ਵਾਲਾ ਹੈ।