CNG ਗੱਡੀ ਹੋ ਜਾਏਗੀ 20 ਫੀਸਦੀ ਸਸਤੀ! ਤੇਲ ਮੰਤਰਾਲਾ ਨੇ ਕੀਤੀ ਇਹ ਸਿਫਾਰਸ਼

12/31/2019 11:05:46 AM

ਨਵੀਂ ਦਿੱਲੀ— ਸੀ. ਐੱਨ. ਜੀ. ਗੱਡੀ ਖਰੀਦਣਾ ਸਸਤਾ ਹੋ ਸਕਦਾ ਹੈ। ਤੇਲ ਮੰਤਰਾਲਾ ਨੇ ਸਰਕਾਰ ਨੂੰ ਸੀ. ਐੱਨ. ਜੀ. ਵਾਹਨਾਂ 'ਤੇ ਜੀ. ਐੱਸ. ਟੀ. ਦਰ ਇਲੈਕਟ੍ਰਿਕ ਵਾਹਨਾਂ ਦੇ ਬਰਾਬਰ ਯਾਨੀ 5 ਫੀਸਦੀ ਕਰਨ ਦਾ ਪ੍ਰਸਤਾਵ ਦਿੱਤਾ ਹੈ, ਤਾਂ ਜੋ ਗੈਸ ਨਾਲ ਚੱਲਣ ਵਾਲੇ ਵਾਹਨਾਂ ਨੂੰ ਪਾਪੁਲਰ ਬਣਾਇਆ ਜਾ ਸਕੇ। ਮੌਜੂਦਾ ਸਮੇਂ ਸੀ. ਐੱਨ. ਜੀ. ਵਾਹਨਾਂ 'ਤੇ 28 ਫੀਸਦੀ ਜੀ. ਐੱਸ. ਟੀ. ਹੈ। 5 ਫੀਸਦੀ ਜੀ. ਐੱਸ. ਟੀ. ਦਰ ਕਰਨ ਦੀ ਮੰਗ ਸਵੀਕਾਰ ਹੁੰਦੀ ਹੈ ਤਾਂ ਸੀ. ਐੱਨ. ਜੀ. ਕਾਰਾਂ ਦੀਆਂ ਕੀਮਤਾਂ 'ਚ 20 ਫੀਸਦੀ ਤੋਂ ਵੀ ਜ਼ਿਆਦਾ ਦੀ ਕਮੀ ਹੋ ਸਕਦੀ ਹੈ।

ਸੂਤਰਾਂ ਮੁਤਾਬਕ, ਤੇਲ ਮੰਤਰਾਲਾ ਨੇ ਸੀ. ਐੱਨ. ਜੀ. ਵਾਹਨਾਂ 'ਤੇ ਜੀ. ਐੱਸ. ਟੀ. ਦਰ ਘਟਾਉਣ ਲਈ ਵਿੱਤ ਮੰਤਰਾਲੇ ਤੋਂ ਮੰਗ ਕੀਤੀ ਹੈ। ਤੇਲ ਮੰਤਰਾਲਾ ਚਾਹੁੰਦਾ ਹੈ ਕਿ ਸੀ. ਐੱਨ. ਜੀ. ਵਾਹਨਾਂ ਦੀ ਖਰੀਦ ਕੀਮਤ ਹੇਠਾਂ ਆਵੇ, ਤਾਂ ਜੋ ਵਧੇਰੇ ਗਾਹਕਾਂ ਨੂੰ ਉਨ੍ਹਾਂ ਨੂੰ ਖਰੀਦਣ ਲਈ ਉਤਸ਼ਾਹਤ ਕੀਤਾ ਜਾ ਸਕੇ। ਇਸ ਸਮੇਂ ਇਲੈਕਟ੍ਰਿਕ ਵਾਹਨਾਂ ਨੂੰ ਛੱਡ ਕੇ ਬਾਕੀ ਸਾਰੇ ਵਾਹਨ 28 ਫੀਸਦੀ ਜੀ. ਐੱਸ. ਟੀ. ਸਲੈਬ 'ਚ ਹਨ। ਜੀ. ਐੱਸ. ਟੀ. ਕੌਂਸਲ ਨੇ ਜੁਲਾਈ 'ਚ ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਦਰ 12 ਫੀਸਦੀ ਤੋਂ ਘਟਾ ਕੇ 5 ਫੀਸਦੀ ਕੀਤੀ ਸੀ।


Related News