ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਪ੍ਰਧਾਨ ਨੇ ਕਿਹਾ, ਭਾਰਤ ਲਈ ਅਜੇ ਕੋਈ ਸੰਕਟ ਨਹੀਂ

01/08/2020 9:39:03 PM

ਨਵੀਂ ਦਿੱਲੀ (ਭਾਸ਼ਾ)-ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਅਮਰੀਕਾ-ਈਰਾਨ ਤਣਾਅ ਕਾਰਣ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ’ਚ ਆ ਰਹੀ ਤੇਜ਼ੀ ਨੂੰ ਵੇਖਦੇ ਹੋਏ ਭਾਰਤ ਹਰ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਸਾਰੇ ਪੱਧਰਾਂ ’ਤੇ ਤਿਆਰੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਲਈ ਅਜੇ ਸੰਕਟ ਵਰਗੀ ਕੋਈ ਸਥਿਤੀ ਨਹੀਂ ਹੈ। ਹਾਲਾਂਕਿ ਉਨ੍ਹਾਂ ਨੇ ਤਿਆਰੀਆਂ ਦਾ ਬਿਓਰਾ ਨਹੀਂ ਦਿੱਤਾ। ਪ੍ਰਧਾਨ ਨੇ ਕਿਹਾ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੱਚੇ ਤੇਲ ਦੀ ਸਪਲਾਈ ਕਰਨ ਵਾਲੇ ਮੁੱਖ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਗੱਲ ਕੀਤੀ ਹੈ ਅਤੇ ਪਿਛਲੇ ਹਫਤੇ ਤੋਂ ਭੂ-ਸਿਆਸੀ ਹਾਲਾਤ ’ਚ ਹੋਏ ਬਦਲਾਅ ਨੂੰ ਲੈ ਕੇ ਭਾਰਤ ਦੀਆਂ ਚਿੰਤਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਫਤਰ, ਪੈਟਰੋਲੀਅਮ ਮੰਤਰਾਲਾ, ਵਿਦੇਸ਼ ਵਿਭਾਗ ਸਾਰਿਆਂ ਦਾ ਇਸ ’ਤੇ ਧਿਆਨ ਹੈ। ਉਨ੍ਹਾਂ ਕਿਹਾ, ‘‘ਅਸੀਂ ਹਰ ਹਾਲਾਤ ’ਤੇ ਨਜ਼ਰ ਰੱਖੀ ਹੋਈ ਹੈ।’’ ਪ੍ਰਧਾਨ ਨੇ ਕਿਹਾ ਕਿ ਪੱਛਮੀ ਏਸ਼ੀਆ ’ਚ ਬਦਲ ਰਹੇ ਹਾਲਾਤ ਦੇ ਵੱਖਰੇ ਪਹਿਲੂ ਹਨ। ਉਨ੍ਹਾਂ ਕਿਹਾ, ‘‘ਭਾਰਤ ਕੱਚੇ ਤੇਲ ਦਾ ਇਕ ਪ੍ਰਮੁੱਖ ਖਪਤਕਾਰ ਹੈ ਅਤੇ ਅਸੀਂ ਗਤੀਵਿਧੀਆਂ ’ਤੇ ਸਖਤ ਨਜ਼ਰ ਰੱਖੀ ਹੋਈ ਹੈ।’’


Karan Kumar

Content Editor

Related News