ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਤੈਅ ਕਰਨ ਤੋਂ ਬਚ ਰਹੀਆਂ ਤੇਲ ਕੰਪਨੀਆਂ

09/12/2019 10:24:03 AM

ਨਵੀਂ ਦਿੱਲੀ — ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ 2 ਸਾਲ ਸਰਕਾਰੀ ਤੇਲ ਕੰਪਨੀਆਂ ਨੇ ਪਹਿਲਾਂ ਜਿਸ ਉਤਸ਼ਾਹ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਕਰਨ ਦੀ ਪ੍ਰੰਪਰਾ ਸ਼ੁਰੂ ਕੀਤੀ ਸੀ, ਉਸ ਤੋਂ ਸ਼ਾਇਦ ਉਨ੍ਹਾਂ ਨੇ ਖੁਦ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਇਹ ਅਸੀਂ ਨਹੀਂ ਸਗੋਂ ਇਸ ਨਾਲ ਜੁਡ਼ੇ ਅੰਕੜੇ ਦੱਸ ਰਹੇ ਹਨ। ਇਹੀ ਨਹੀਂ ਚੋਣ ਸਮੇਂ ਤਾਂ ਕਈ ਦਿਨਾਂ ਤੱਕ ਤੇਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਇਕ ਰਿਪੋਰਟ ਮੁਤਾਬਕ ਜੂਨ ਤੋਂ ਲੈ ਕੇ ਅਗਸਤ ਤੱਕ ਦੀ 3 ਮਹੀਨਿਆਂ ਦੀ ਮਿਆਦ ’ਚ ਕੰਪਨੀਆਂ ਨੇ ਪੈਟਰੋਲ ਦੀ ਕੀਮਤ ’ਚ 43 ਦਿਨ ਅਤੇ ਡੀਜ਼ਲ ਦੀ ਕੀਮਤ ’ਚ 47 ਦਿਨਾਂ ਤੱਕ ਕੋਈ ਬਦਲਾਅ ਨਹੀਂ ਕੀਤਾ। ਵੱਡੀ ਗੱਲ ਇਹ ਹੈ ਕਿ ਜੂਨ ਤੋਂ ਅਗਸਤ ਦੀ ਹੀ ਮਿਆਦ ’ਚ ਡੀਜ਼ਲ ਦੀ ਕੀਮਤ ’ਚ ਲਗਾਤਾਰ 13 ਦਿਨਾਂ ਤੱਕ ਕੋਈ ਬਦਲਾਅ ਨਹੀਂ ਕੀਤਾ ਗਿਆ, ਜਦੋਂਕਿ ਪੈਟਰੋਲ ਦੀ ਕੀਮਤ ’ਚ ਲਗਾਤਾਰ 8 ਦਿਨਾਂ ਤੱਕ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ 9 ਵਾਰ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ 4 ਦਿਨ ਜਾਂ ਉਸ ਤੋਂ ਜ਼ਿਆਦਾ ਦਿਨਾਂ ਤੱਕ ਕੋਈ ਬਦਲਾਅ ਨਹੀਂ ਹੋਇਆ। ਉਥੇ ਹੀ 8 ਵਾਰ ਪੈਟਰੋਲ ਦੀ ਕੀਮਤ ’ਚ ਲਗਾਤਾਰ 4 ਦਿਨ ਜਾਂ ਉਸ ਤੋਂ ਜ਼ਿਆਦਾ ਦਿਨਾਂ ਤੱਕ ਕੋਈ ਬਦਲਾਅ ਨਹੀਂ ਆਇਆ।

ਤੇਲ ਕੰਪਨੀਆਂ ਨੇ ਜੂਨ 2017 ਤੋਂ ਤੇਲ ਦੀਆਂ ਕੀਮਤਾਂ ਦੀ ਰੋਜ਼ਾਨਾ ਸਮੀਖਿਆ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਪਹਿਲਾਂ ਲੱਗਭੱਗ 3 ਸਾਲਾਂ ਤੱਕ ਉਹ 15 ਦਿਨਾਂ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਸਮੀਖਿਆ ਕਰਦੀ ਸੀ।

18 ਅਕਤੂਬਰ 2014 ਨੂੰ ਕੇਂਦਰ ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ਤੋਂ ਆਪਣਾ ਕੰਟਰੋਲ ਖਤਮ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ ਇਸ ਦੀ ਕੀਮਤ ਬਾਜ਼ਾਰ ਵੱਲੋਂ ਕੰਟਰੋਲ (ਪੈਟਰੋਲ ਦੀਆਂ ਕੀਮਤਾਂ ਤੋਂ ਆਪਣਾ ਕੰਟਰੋਲ ਸਰਕਾਰ ਨੇ 2010 ’ਚ ਖਤਮ ਕਰ ਦਿੱਤਾ ਸੀ) ਹੋਣ ਲੱਗੀ।

ਜੂਨ 2017 ਤੋਂ ਲੈ ਕੇ ਹੁਣ ਤੱਕ ਇਨ੍ਹਾਂ 2 ਸਾਲਾਂ ਦੌਰਾਨ ਤੇਲ ਕੰਪਨੀਆਂ ਨੇ ਚੋਣਾਂ ਨੂੰ ਛੱਡ ਕੇ ਰੋਜ਼ਾਨਾ ਆਧਾਰ ’ਤੇ ਤੇਲ ਦੀਆਂ ਕੀਮਤਾਂ ’ਚ ਤਬਦੀਲੀ ਕੀਤੀ। ਚੋਣਾਂ ਦੌਰਾਨ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਸਥਿਰ ਰੱਖੀਆਂ।


Related News