ਪਾਸਪੋਰਟ ਇੰਡੈਕਸ ’ਚ ਭਾਰਤ ਇਕ ਦਰਜਾ ਉੱਪਰ, ਬਿਨਾਂ ਵੀਜ਼ਾ ਘੁੰਮਣ ਵਾਲੇ ਦੇਸ਼ਾਂ ਦੀ ਗਿਣਤੀ ਘਟੀ

Thursday, Oct 15, 2026 - 01:59 AM (IST)

ਪਾਸਪੋਰਟ ਇੰਡੈਕਸ ’ਚ ਭਾਰਤ ਇਕ ਦਰਜਾ ਉੱਪਰ, ਬਿਨਾਂ ਵੀਜ਼ਾ ਘੁੰਮਣ ਵਾਲੇ ਦੇਸ਼ਾਂ ਦੀ ਗਿਣਤੀ ਘਟੀ

ਨਵੀਂ ਦਿੱਲੀ - ਭਾਰਤੀ ਪਾਸਪੋਰਟ ਦੀ ਗਲੋਬਲ ਰੈਂਕਿੰਗ ਵਿਚ ਇਕ ਦਰਜੇ ਦਾ ਸੁਧਾਰ ਹੋਇਆ ਹੈ ਪਰ ਵਿਦੇਸ਼ ਯਾਤਰਾ ਲਈ ਪਹਿਲਾਂ ਤੋਂ ਵੀਜ਼ਾ ਲੈਣ ਦੀ ਲੋੜ ਨਾ ਪੈਣ ਵਾਲੇ ਦੇਸ਼ਾਂ ਦੀ ਗਿਣਤੀ ਘੱਟ ਗਈ ਹੈ। ਅਕਤੂਬਰ 2026 ਦੇ ‘ਹੈਨਲੇ ਪਾਸਪੋਰਟ ਇੰਡੈਕਸ’ ਵਿਚ ਭਾਰਤ 85ਵੇਂ ਤੋਂ 84ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਹਾਲਾਂਕਿ ਭਾਰਤੀ ਪਾਸਪੋਰਟਧਾਰਕ ਹੁਣ ਪਿਛਲੇ ਸਾਲ ਦੇ ਮੁਕਾਬਲੇ 2 ਘੱਟ, ਭਾਵ 55 ਦੇਸ਼ਾਂ ਤੱਕ ਹੀ ਬਿਨਾਂ ਪਹਿਲਾਂ ਵੀਜ਼ਾ ਲਏ ਪਹੁੰਚ ਸਕਦੇ ਹਨ। ਇਸ ਰੈਂਕਿੰਗ ਵਿਚ ਭਾਰਤ ਦੇ ਨਾਲ ਅਲਜੀਰੀਆ ਅਤੇ ਮੌਰੀਤਾਨੀਆ ਵੀ 84ਵੇਂ ਸਥਾਨ ’ਤੇ ਹਨ।

199 ਪਾਸਪੋਰਟਾਂ ਅਤੇ 227 ਮੰਜ਼ਿਲਾਂ ਦੀ ਸਮੀਖਿਆ
ਮੁਲਾਂਕਣ ਹੈਨਲੇ ਪਾਸਪੋਰਟ ਇੰਡੈਕਸ ਵਿਚ ਦੁਨੀਆ ਦੇ 199 ਪਾਸਪੋਰਟਾਂ ਦੀ ਤਾਕਤ ਦਾ ਮੁਲਾਂਕਣ 227 ਯਾਤਰਾ ਮੰਜ਼ਿਲਾਂ ਤੱਕ ਪਹੁੰਚ ਦੇ ਆਧਾਰ ’ਤੇ ਕੀਤਾ ਜਾਂਦਾ ਹੈ। ਇਸ ਵਿਚ ਅੰਤਰਰਾਸ਼ਟਰੀ ਹਵਾਈ ਟ੍ਰਾਂਸਪੋਰਟ ਸੰਘ (ਆਈ. ਏ. ਟੀ. ਏ.) ਦੇ ਅੰਕੜਿਆਂ ਦੀ ਵਰਤੋਂ ਹੁੰਦੀ ਹੈ। ਅਕਤੂਬਰ 2025 ਦੇ ਐਡੀਸ਼ਨ ਵਿਚ ਭਾਰਤ 57 ਦੇਸ਼ਾਂ ਤੱਕ ਪਹੁੰਚ ਦੇ ਨਾਲ 85ਵੇਂ ਸਥਾਨ ’ਤੇ ਸੀ। ਇਸ ਵਾਰ ਦੇਸ਼ਾਂ ਦੀ ਗਿਣਤੀ ਘਟਣ ਦੇ ਬਾਵਜੂਦ ਭਾਰਤ ਦੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ, ਕਿਉਂਕਿ ਦੂਜੇ ਦੇਸ਼ਾਂ ਦੇ ਸਕੋਰ ਵਿਚ ਬਦਲਾਅ ਕਾਰਨ ਅਜਿਹਾ ਹੋਇਆ ਹੈ। ਇਸ ਤੋਂ ਸਪੱਸ਼ਟ ਹੈ ਕਿ ਰੈਂਕਿੰਗ ’ਚ ਉੱਪਰ ਪਹੁੰਚਣਾ ਹਮੇਸ਼ਾ ਯਾਤਰਾ ਦੀ ਵੱਧ ਸੁਤੰਤਰਤਾ ਮਿਲਣ ਦਾ ਸੰਕੇਤ ਨਹੀਂ ਹੁੰਦਾ।

ਸਿੰਗਾਪੁਰ ਪਹਿਲੇ, ਜਾਪਾਨ ਅਤੇ ਦੱਖਣੀ ਕੋਰੀਆ ਦੂਜੇ ਸਥਾਨ ’ਤੇ
ਹੈਨਲੇ ਪਾਸਪੋਰਟ ਇੰਡੈਕਸ ਦੀ ਤਾਜ਼ਾ ਸੂਚੀ ਵਿਚ ਸਿੰਗਾਪੁਰ ਸਿਖਰ ’ਤੇ ਹੈ। ਉਸ ਦੇ ਪਾਸਪੋਰਟਧਾਰਕ 193 ਦੇਸ਼ਾਂ ਵਿਚ ਬਿਨਾਂ ਪਹਿਲਾਂ ਵੀਜ਼ਾ ਲਏ ਯਾਤਰਾ ਕਰ ਸਕਦੇ ਹਨ। ਜਾਪਾਨ, ਦੱਖਣੀ ਕੋਰੀਆ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) 188 ਦੇਸ਼ਾਂ ਦੇ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਹਨ।

ਵਿਦੇਸ਼ ਯਾਤਰਾ ਸਮੇਂ ਨਿਯਮਾਂ ਦੀ ਜਾਂਚ ਜ਼ਰੂਰੀ
ਪਾਸਪੋਰਟ ਦੀ ਰੈਂਕਿੰਗ ਵਿਚ ਸੁਧਾਰ ਭਾਰਤੀ ਯਾਤਰੀਆਂ ਲਈ ਸੀਮਤ ਰਾਹਤ ਦਾ ਸੰਕੇਤ ਹੈ ਪਰ ਵੀਜ਼ਾ ਸਬੰਧੀ ਨਿਯਮ ਵਿਦੇਸ਼ ਯਾਤਰਾ ਦੀ ਯੋਜਨਾ ਬਣਾਉਣ ਵਿਚ ਮਹੱਤਵਪੂਰਨ ਰਹਿਣਗੇ। ਛੁੱਟੀਆਂ, ਕਾਰੋਬਾਰ ਜਾਂ ਪਰਿਵਾਰ ਨੂੰ ਮਿਲਣ ਲਈ ਵਿਦੇਸ਼ ਜਾਣ ਵਾਲੇ ਭਾਰਤੀਆਂ ਨੂੰ ਯਾਤਰਾ ਤੋਂ ਪਹਿਲਾਂ ਸਬੰਧਤ ਦੇਸ਼ ਦੇ ਅਧਿਕਾਰਤ ਇਮੀਗ੍ਰੇਸ਼ਨ ਦਿਸ਼ਾ-ਨਿਰਦੇਸ਼ਾਂ ਦੀ ਜਾਂਚ ਕਰਨੀ ਚਾਹੀਦੀ ਹੈ। ਇਹ ਇੰਡੈਕਸ ਮੁੱਖ ਤੌਰ ’ਤੇ ਯਾਤਰਾ ਦੀ ਸੁਵਿਧਾ ਨੂੰ ਮਾਪਦਾ ਹੈ, ਇਹ ਵਿਦੇਸ਼ ਵਿਚ ਨੌਕਰੀ, ਪੜ੍ਹਾਈ ਜਾਂ ਸਥਾਈ ਨਿਵਾਸ ਦੀ ਯੋਗਤਾ ਨਿਰਧਾਰਤ ਨਹੀਂ ਕਰਦਾ।

ਇਨ੍ਹਾਂ ਦੇਸ਼ਾਂ ਵਿਚ ਭਾਰਤੀਆਂ ਨੂੰ ਪਹਿਲਾਂ ਤੋਂ ਵੀਜ਼ਾ ਦੀ ਲੋੜ ਨਹੀਂ
ਭਾਰਤੀ ਪਾਸਪੋਰਟਧਾਰਕਾਂ ਲਈ ਵੀਜ਼ਾ-ਮੁਕਤ ਜਾਂ ‘ਵੀਜ਼ਾ ਆਨ ਅਰਾਈਵਲ’ ਸੁਵਿਧਾ ਵਾਲੇ ਦੇਸ਼ਾਂ ਵਿਚ ਅੰਗੋਲਾ, ਬਾਰਬਾਡੋਸ, ਭੂਟਾਨ, ਬ੍ਰਿਟਿਸ਼ ਵਰਜਿਨ ਆਈਲੈਂਡਜ਼, ਕੁੱਕ ਆਈਲੈਂਡਜ਼, ਡੋਮਿਨਿਕਾ, ਫਿਜੀ, ਗ੍ਰੇਨਾਡਾ, ਹੈਤੀ, ਜਮੈਕਾ, ਕਜ਼ਾਕਿਸਤਾਨ, ਕਿਰੀਬਾਤੀ, ਮਕਾਊ, ਮਲੇਸ਼ੀਆ, ਮਾਰੀਸ਼ਸ, ਮਾਈਕ੍ਰੋਨੇਸ਼ੀਆ, ਮੋਂਟਸੇਰਾਤ, ਨੇਪਾਲ, ਨਿਊ, ਰਵਾਂਡਾ, ਸੇਨੇਗਲ, ਸੈਂਟ ਵਿਨਸੈਂਟ ਐਂਡ ਦਿ ਗ੍ਰੇਨਾਡਾਈਨਜ਼, ਥਾਈਲੈਂਡ, ਤ੍ਰਿਨੀਦਾਦ ਐਂਡ ਟੋਬੈਗੋ ਅਤੇ ਵਾਨੂਆਤੂ ਆਦਿ ਸ਼ਾਮਲ ਹਨ।

ਹਾਲਾਂਕਿ, ਇੰਡੈਕਸ ਵਿਚ ਸ਼ਾਮਲ ਸਾਰੇ ਦੇਸ਼ਾਂ ਦੇ ਦਾਖਲਾ ਨਿਯਮ ਇਕ ਵਰਗੇ ਨਹੀਂ ਹਨ। ਇਸ ਦੀ ਗਣਨਾ ਵਿਚ ਵੀਜ਼ਾ-ਮੁਕਤ ਪ੍ਰਵੇਸ਼ ਦੇ ਨਾਲ-ਨਾਲ ‘ਵੀਜ਼ਾ ਆਨ ਅਰਾਈਵਲ’ ਅਤੇ ‘ਇਲੈਕਟ੍ਰਾਨਿਕ ਯਾਤਰਾ ਅਪਰੂਵਲ’ ਦੀਆਂ ਸੁਵਿਧਾਵਾਂ ਵੀ ਸ਼ਾਮਲ ਹੁੰਦੀਆਂ ਹਨ। ਇਸ ਲਈ 55 ਦੇਸ਼ਾਂ ਦਾ ਸਕੋਰ ਇਹ ਨਹੀਂ ਦਰਸ਼ਾਉਂਦਾ ਕਿ ਭਾਰਤੀ ਨਾਗਰਿਕ ਹਰ ਜਗ੍ਹਾ ਬਿਨਾਂ ਕਿਸੇ ਫਾਰਮੈਲਿਟੀ ਦੇ ਦਾਖਲ ਹੋ ਸਕਦੇ ਹਨ। ਵੱਖ-ਵੱਖ ਦੇਸ਼ਾਂ ’ਚ ਠਹਿਰਨ ਦੀ ਮਿਆਦ, ਪਾਸਪੋਰਟ ਦੀ ਮਿਆਦ ਅਤੇ ਹੋਰ ਸ਼ਰਤਾਂ ਵੀ ਵੱਖ-ਵੱਖ ਹੋ ਸਕਦੀਆਂ ਹਨ।
 


author

Inder Prajapati

Content Editor

Related News