ਸੰਕਰਮਣ ਦੇ ਹੌਲੀ ਹੋਣ ਨਾਲ ਫਿਰ ਵਧਣ ਲੱਗੀ ਹਵਾਈ ਮੁਸਾਫਰਾਂ ਦੀ ਗਿਣਤੀ
Sunday, May 23, 2021 - 04:30 PM (IST)
ਨਵੀਂ ਦਿੱਲੀ- ਕੋਵਿਡ-19 ਸੰਕਰਮਣ ਦੀ ਰਫ਼ਤਾਰ ਮੱਧਮ ਪੈਣ ਨਾਲ ਦੇਸ਼ ਵਿਚ ਹਵਾਈ ਯਾਤਰੀਆਂ ਦੀ ਗਿਣਤੀ ਇਕ ਵਾਰ ਫਿਰ ਵਧਣ ਲੱਗੀ ਹੈ। ਐਤਵਾਰ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਸ਼ਨੀਵਾਰ ਨੂੰ 819 ਉਡਾਣਾਂ ਵਿਚ 56,900 ਯਾਤਰੀ ਆਪਣੀ ਮੰਜ਼ਿਲ ਲਈ ਰਵਾਨਾ ਹੋਏ । ਕੋਰੋਨਾ ਦੀ ਦੂਜੀ ਲਹਿਰ ਕਾਰਨ 18 ਮਈ ਨੂੰ ਯਾਤਰੀਆਂ ਦੀ ਗਿਣਤੀ ਘੱਟ ਕੇ 40 ਹਜ਼ਾਰ ਤੋਂ ਹੇਠਾਂ ਆ ਗਈ ਸੀ, ਉਸ ਦਿਨ 39,370 ਲੋਕਾਂ ਨੇ 641 ਉਡਾਣਾਂ ਵਿਚ ਯਾਤਰਾ ਕੀਤੀ ਸੀ ਪਰ ਇਸ ਤੋਂ ਪਿੱਛੋਂ ਨਿਰੰਤਰ ਸੁਧਾਰ ਜਾਰੀ ਹੈ।
19 ਮਈ ਨੂੰ 707 ਉਡਾਣਾਂ ਵਿਚ 45,532 ਯਾਤਰੀ, 20 ਮਈ ਨੂੰ 725 ਉਡਾਣਾਂ ਵਿਚ 48,197 ਯਾਤਰੀ ਅਤੇ 21 ਮਈ ਨੂੰ 761 ਉਡਾਣਾਂ ਵਿਚ 49,819 ਯਾਤਰੀ ਰਵਾਨਾ ਹੋਏ ਸਨ।
ਮਹਾਮਾਰੀ ਦੀ ਦੂਜੀ ਲਹਿਰ ਵਿਚ ਇਕਦਮ ਰੋਜ਼ਾਨਾ ਚਾਰ ਲੱਖ ਤੋਂ ਜ਼ਿਆਦਾ ਮਾਮਲੇ ਆਉਣ ਲੱਗ ਗਏ ਸਨ ਪਰ ਸੂਬਿਆਂ ਵੱਲੋਂ-ਵੱਲੋਂ ਵੱਖ ਤਰੀਕੇ ਨਾਲ ਕੀਤੀ ਗਈ ਸਖ਼ਤੀ ਮਗਰੋਂ ਇਸ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਵੱਲੋਂ ਐਤਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਤਕਰੀਬਨ 2.41 ਲੱਖ ਨਵੇਂ ਮਰੀਜ਼ਾਂ ਵਿਚ ਸੰਕਰਮਣ ਦੀ ਪੁਸ਼ਟੀ ਹੋਈ ਹੈ। ਦੂਜੀ ਲਹਿਰ ਹੌਲੀ ਹੋਣ ਦੇ ਨਾਲ ਹੁਣ ਵਧੇਰੇ ਲੋਕ ਹਵਾਈ ਲਈ ਉਡਾਣ ਭਰ ਰਹੇ ਹਨ। ਹਾਲਾਂਕਿ, ਸ਼ਨੀਵਾਰ ਦਾ 56 ਹਜ਼ਾਰ 900 ਯਾਤਰੀਆਂ ਦਾ ਅੰਕੜਾ ਇਸ ਸਾਲ ਫਰਵਰੀ ਅਤੇ ਮਾਰਚ ਦੇ ਰੋਜ਼ਾਨਾ ਔਸਤ ਨਾਲੋਂ ਬਹੁਤ ਘੱਟ ਹੈ। ਫਰਵਰੀ ਵਿਚ ਹਰ ਰੋਜ਼ ਔਸਤ 2.80 ਯਾਤਰੀਆਂ ਨੇ ਜਹਾਜ਼ ਵਿਚ ਸਫ਼ਰ ਕੀਤਾ ਸੀ। ਮਾਰਚ ਵਿਚ ਔਸਤ 2.50 ਲੱਖ ਅਤੇ ਅਪ੍ਰੈਲ ਵਿਚ 1.91 ਲੱਖ ਯਾਤਰੀ ਸਨ।