NTPC ਨੇ ਬਿਜਲੀਘਰਾਂ ''ਚ ਮੀਥੇਨੋਲ ਪਲਾਂਟ ਲਾਉਣ ਲਈ ਕੱਢੇ ਟੈਂਡਰ
Friday, Jan 29, 2021 - 05:24 PM (IST)

ਨਵੀਂ ਦਿੱਲੀ- ਜਨਤਕ ਖੇਤਰ ਦੀ ਬਿਜਲੀ ਉਤਪਾਦਕ ਕੰਪਨੀ ਐੱਨ. ਟੀ. ਪੀ. ਸੀ. ਨੇ ਆਪਣੇ ਪਾਵਰ ਪਲਾਂਟਾਂ ਵਿਚ ਮੀਥੇਨੋਲ ਪੈਦਾ ਕਰਨ ਵਾਲੀਆਂ ਇਕਾਈਆਂ ਸਥਾਪਤ ਕਰਨ ਲਈ ਦਿਲਚਸਪੀ ਪੱਤਰ (ਈ. ਓ. ਆਈਜ਼.) ਮੰਗੇ ਹਨ। ਟੈਂਡਰ ਦਸਤਾਵੇਜ਼ ਅਨੁਸਾਰ ਇਹ ਯੂਨਿਟ ਸਬੰਧਤ ਸੂਬਾ ਸਰਕਾਰਾਂ ਅਤੇ ਕੇਂਦਰ ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਸਥਾਪਿਤ ਕੀਤੇ ਜਾਣਗੇ।
ਇਹ ਇਕਾਈਆਂ ਦਾ ਵਿਕਾਸ ਬਣਾਓ, ਰੱਖੋ ਅਤੇ ਚਲਾਓ (ਬੀ. ਓ. ਓ.) ਦੇ ਆਧਾਰ 'ਤੇ ਕੀਤਾ ਜਾਵੇਗਾ। ਦਿਲਚਸਪੀ ਪੱਤਰ ਜਮ੍ਹਾਂ ਕਰਨ ਦੀ ਅੰਤਿਮ ਤਾਰੀਖ਼ 30 ਮਾਰਚ 2021 ਹੈ।
ਬੋਲੀ 31 ਮਾਰਚ, 2021 ਨੂੰ ਖੋਲ੍ਹੀ ਜਾਏਗੀ। ਟੈਂਡਰ ਦਸਤਾਵੇਜ਼ 28 ਜਨਵਰੀ, 2021 ਨੂੰ ਜਾਰੀ ਕੀਤਾ ਗਿਆ। ਇਸ ਸੰਬੰਧੀ ਸਪੱਸ਼ਟੀਕਰਨ ਲੈਣ ਦੀ ਆਖਰੀ ਤਾਰੀਖ਼ 20 ਮਾਰਚ 2021 ਹੈ। ਬੋਲੀ ਦਸਤਾਵੇਜ਼ਾਂ ਅਨੁਸਾਰ, “ਐੱਨ. ਟੀ. ਪੀ. ਸੀ. ਲਿਮਟਿਡ ਦਾ ਉਦੇਸ਼ ਦੇਸ਼ ਵਿਚ ਕੰਪਨੀ ਦੇ ਵੱਖ-ਵੱਖ ਪਲਾਂਟਾਂ ਵਿਚ ਸੀ. ਓ.-2 ਨੂੰ ਘੱਟ ਕਰਨਾ, ਹਾਈਡ੍ਰੋਜਨ ਉਤਪਾਦਨ ਅਤੇ ਮੀਥੇਨੋਲ ਵਿਚ ਬਦਲਣ ਦੀ ਸੰਯੁਕਤ ਇਕਾਈ ਸਥਾਪਤ ਕਰਨਾ ਹੈ।