NSE ਆਈ. ਪੀ. ਓ. ਲਿਆਉਣ ਦੀ ਕਰ ਰਿਹੈ ਤਿਆਰੀ, ਸੇਬੀ ਤੋਂ ਮੰਗੀ ਇਜਾਜ਼ਤ!
Monday, Aug 02, 2021 - 01:54 PM (IST)
ਨਵੀਂ ਦਿੱਲੀ- ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਇਕ ਵਾਰ ਫਿਰ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਐੱਨ. ਐੱਸ. ਈ. ਨੇ ਭਾਰਤੀ ਸਕਿਓਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਨੂੰ ਇਕ ਪੱਤਰ ਲਿਖ ਕੇ ਪੁੱਛਿਆ ਹੈ ਕਿ ਕੀ ਉਹ ਇਕ ਵਾਰ ਫਿਰ ਆਈ. ਪੀ. ਓ. ਲਿਆਉਣ ਲਈ ਡਰਾਫਟ ਦਸਤਾਵੇਜ਼ ਪੇਸ਼ ਕਰ ਸਕਦਾ ਹੈ।
ਸ਼ੇਅਰਧਾਰਕਾਂ ਦੇ ਵਧਦੇ ਦਬਾਅ ਦੇ ਮੱਦੇਨਜ਼ਰ ਐੱਨ. ਐੱਸ. ਈ. ਨੇ ਇਹ ਕਦਮ ਚੁੱਕਿਆ ਹੈ। ਕੰਪਨੀ ਦੇ ਬਹੁਤ ਸਾਰੇ ਨਿਵੇਸ਼ਕ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਆਪਣੀ ਹਿੱਸੇਦਾਰੀ ਵੇਚਣ ਦੀ ਉਡੀਕ ਕਰ ਰਹੇ ਹਨ।
ਐਕਸਚੇਂਜ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਕਿਹਾ, “ਐੱਨ. ਐੱਸ. ਈ. ਨੇ ਆਈ. ਪੀ. ਓ. ਲਿਆਉਣ ਅਤੇ ਪ੍ਰਾਸਪੈਕਟਸ ਜਮ੍ਹਾਂ ਕਰਾਉਣ ਲਈ ਸੇਬੀ ਤੋਂ ਗੈਰ ਇਤਰਾਜ਼ ਸਰਟੀਫਿਕੇਟ ਮੰਗਿਆ ਹੈ।” ਸੂਤਰਾਂ ਨੇ ਕਿਹਾ ਕਿ ਮਾਰਕੀਟ ਰੈਗੂਲੇਟਰ ਨੇ ਅਜੇ ਐਕਸਚੇਂਜ ਨੂੰ ਹਰੀ ਝੰਡੀ ਨਹੀਂ ਦਿੱਤੀ ਹੈ।
ਰਿਪੋਰਟਾਂ ਅਨੁਸਾਰ, ਐਕਸਚੇਂਜ ਦੇ ਵੱਡੇ ਸ਼ੇਅਰਧਾਰਕ ਚਾਹੁੰਦੇ ਹਨ ਕਿ ਸੇਬੀ ਅਤੇ ਐੱਨ. ਐੱਸ. ਈ. ਸੂਚੀਬੱਧਤਾ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ। ਐੱਨ. ਐੱਸ. ਈ. ਦੇ ਵਿਦੇਸ਼ੀ ਸ਼ੇਅਰਧਾਰਕਾਂ ਦੀ ਨੁਮਾਇੰਦਗੀ ਕਰਨ ਵਾਲੇ ਇਕ ਅਧਿਕਾਰੀ ਨੇ ਕਿਹਾ, "ਸਾਡੇ ਲਈ ਸੱਚਮੁੱਚ ਬਹੁਤ ਲੰਬਾ ਸਮਾਂ ਹੋ ਗਿਆ ਹੈ. ਸੇਬੀ ਵੱਲੋਂ ਜਾਰੀ ਗੈਰ-ਮੁਦਰਾ ਅਤੇ ਸੁਧਾਰਾਤਮਕ ਉਪਾਵਾਂ ਦੀ ਵੀ ਪਾਲਣਾ ਕੀਤੀ ਗਈ ਹੈ। ਆਈ. ਪੀ. ਓ. ਵਿਚ ਹੁਣ ਰੁਕਾਵਟ ਨਹੀਂ ਹੋਣੀ ਚਾਹੀਦੀ ਹੈ।"