SEBI ਦੀ ਚਿੰਤਾ ਤੋਂ ਬਾਅਦ NSE ਨੇ ਮੈਂਬਰਾਂ ਨੂੰ ਡਿਜੀਟਲ ਗੋਲਡ ਵੇਚਣ ਤੋਂ ਰੋਕਿਆ

Friday, Aug 27, 2021 - 12:10 PM (IST)

SEBI ਦੀ ਚਿੰਤਾ ਤੋਂ ਬਾਅਦ NSE ਨੇ ਮੈਂਬਰਾਂ ਨੂੰ ਡਿਜੀਟਲ ਗੋਲਡ ਵੇਚਣ ਤੋਂ ਰੋਕਿਆ

ਮੁੰਬਈ (ਏਜੰਸੀ) – ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ ਸ਼ੇਅਰ ਬ੍ਰੋਕਰ ਸਮੇਤ ਆਪਣੇ ਮੈਂਬਰਾਂ ਨੂੰ 10 ਸਤੰਬਰ ਤੋਂ ਆਪਣੇ ਮੰਚ ’ਤੇ ਡਿਜੀਟਲ ਗੋਲਡ ਵੇਚਣ ਤੋਂ ਰੋਕ ਦਿੱਤਾ ਹੈ। ਬਾਜ਼ਾਰ ਰੈਗੂਲੇਟਰ ਭਾਰਤੀ ਸਕਿਓਰਿਟੀ ਅਤੇ ਰੈਗੂਲੇਟਰ ਬੋਰਡ (ਸੇਬੀ) ਵਲੋਂ ਚਿੰਤਾ ਪ੍ਰਗਟਾਏ ਜਾਣ ਤੋਂ ਬਾਅਦ ਐੱਨ. ਐੱਸ. ਈ. ਨੇ ਇਹ ਨਿਰਦੇਸ਼ ਦਿੱਤਾ ਹੈ। ਸੇਬੀ ਨੇ ਕਿਹਾ ਸੀ ਕਿ ਕੁੱਝ ਮੈਂਬਰ ਆਪਣੇ ਗਾਹਕਾਂ ਨੂੰ ਡਿਜੀਟਲ ਸੋਨਾ ਖਰੀਦਣ ਅਤੇ ਵੇਚਣ ਲਈ ਮੰਚ ਪ੍ਰਦਾਨ ਕਰ ਰਹੇ ਹਨ ਜੋ ਨਿਯਮਾਂ ਦੇ ਖਿਲਾਫ ਹੈ।

ਸੇਬੀ ਨੇ 3 ਅਗਸਤ ਨੂੰ ਜਾਰੀ ਇਕ ਪੱਤਰ ’ਚ ਐੱਨ. ਐੱਸ. ਈ. ਨੂੰ ਦੱਸਿਆ ਕਿ ਇਸ ਤਰ੍ਹਾਂ ਦੀਆਂ ਸਰਗਰਮੀਆਂ ਸਕਿਓਰਿਟੀ ਕਾਂਟ੍ਰੈਕਟ ਨਿਯਮ (ਐੱਸ. ਸੀ. ਆਰ. ਆਰ.), 1957 ਦੇ ਖਿਲਾਫ ਹਨ। ਮੈਂਬਰਾਂ ਨੂੰ ਅਜਿਹੀ ਕੋਈ ਵੀ ਸਰਗਰਮੀ ਕਰਨ ਤੋਂ ਬਚਣਾ ਚਾਹੀਦਾ ਹੈ। ਐੱਸ. ਸੀ. ਆਰ. ਆਰ. ਨਿਯਮ ਇਸ ਤਰ੍ਹਾਂ ਦੀ ਕਿਸੇ ਵੀ ਸਰਗਰਮੀ ’ਚ ਸ਼ਾਮਲ ਹੋਣ ਤੋਂ ਰੋਕਦਾ ਹੈ। ਐੱਨ. ਐੱਸ. ਈ. ਦੇ ਕਿਸੇ ਕਰਮਚਾਰੀ ਲਈ ਵੀ ਇਸ ਤਰ੍ਹਾਂ ਦੀਆਂ ਸਰਗਰਮੀਆਂ ਦੀ ਮਨਾਹੀ ਹੈ।

ਨਿਯਮਾਂ ਦੀ ਪਾਲਣਾ ਕਰਨ ਦਾ ਨਿਰਦੇਸ਼

ਸੇਬੀ ਵਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਤੋਂ ਬਾਅਦ ਐੱਨ. ਐੱਸ. ਈ. ਮੈਂਬਰਾਂ ਨੂੰ ਇਸ ਤਰ੍ਹਾਂ ਦੀ ਸਰਗਰਮੀ ਨਾ ਕਰਨ ਅਤੇ ਹਰ ਸਮੇਂ ਰੈਗੂਲੇਟਰੀ ਲੋੜਾਂ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਐੱਨ. ਐੱਸ. ਈ. ਨੇ 10 ਅਗਸਤ ਨੂੰ ਜਾਰੀ ਸਰਕੂਲਰ ’ਚ ਕਿਹਾ ਕਿ ਮੌਜੂਦਾ ਸਮੇਂ ’ਚ ਇਨ੍ਹਾਂ ਸਰਗਰਮੀਆਂ ’ਚ ਸ਼ਾਮਲ ਮੈਂਬਰ, ਇਸ ਸਰਕੂਲਰ ਦੀ ਮਿਤੀ ਤੋਂ ਇਕ ਮਹੀਨੇ ਦੇ ਅੰਦਰ ਇਸ ਸਬੰਧ ’ਚ ਸਾਰੀਆਂ ਸਰਗਰਮੀਆਂ ਨੂੰ ਕਰਨਾ ਬੰਦ ਕਰ ਦੇਣ। ਇਨ੍ਹਾਂ ਸਰਗਰਮੀਆਂ ਨੂੰ ਬੰਦ ਕਰਨ ਦੇ ਸਬੰਧ ’ਚ ਜ਼ਰੂਰੀ ਸੂਚਨਾਵਾਂ ਸਬੰਧਤ ਗਾਹਕਾਂ ਨੂੰ ਦੇ ਦਿੱਤੀਆਂ ਜਾਣ।


author

Harinder Kaur

Content Editor

Related News