NRIs ''ਤੇ ਪਈ ਇਹ ਵੱਡੀ ਮਾਰ, ਇਸ ਸਾਲ ਬਾਹਰੋਂ ਘੱਟ ਭੇਜਣਗੇ ਪੈਸਾ

Friday, Oct 16, 2020 - 06:18 PM (IST)

NRIs ''ਤੇ ਪਈ ਇਹ ਵੱਡੀ ਮਾਰ, ਇਸ ਸਾਲ ਬਾਹਰੋਂ ਘੱਟ ਭੇਜਣਗੇ ਪੈਸਾ

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਮੌਜੂਦਾਂ ਹਾਲਾਤ ਦੇ ਮੱਦੇਨਜ਼ਰ ਚਾਲੂ ਵਿੱਤੀ ਸਾਲ 2020-21 'ਚ ਐੱਨ. ਆਰ. ਆਈਜ਼. ਵੱਲੋਂ ਬਾਹਰੋਂ ਪੈਸਾ ਘੱਟ ਭੇਜਣ ਦਾ ਖਦਸ਼ਾ ਹੈ। ਇਸ ਕਾਰਨ ਐੱਨ. ਆਰ. ਆਈ. ਪਰਿਵਾਰਾਂ ਵੱਲੋਂ ਖਰਚ ਕਰਨ ਦੀ ਸਮਰਥਾ ਪ੍ਰਭਾਵਿਤ ਹੋ ਸਕਦੀ ਹੈ, ਲਿਹਾਜਾ ਇਸ ਨਾਲ ਭਾਰਤੀ ਬਾਜ਼ਾਰ 'ਚ ਖ਼ਪਤਕਾਰ ਮੰਗ 'ਤੇ ਹੋਰ ਮਾਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।

ਇੰਡੀਆ ਰੇਟਿੰਗਜ਼ ਐਂਡ ਰਿਸਰਚ ਦੀ ਇਕ ਰਿਪੋਰਟ 'ਚ ਇਹ ਚਿੰਤਾ ਜਤਾਈ ਗਈ ਹੈ। ਹਾਲਾਂਕਿ, ਰਿਪੋਰਟ ਦਾ ਕਹਿਣਾ ਹੈ ਕਿ ਇਸ ਦਾ ਪ੍ਰਭਾਵ ਕੁਝ ਸੂਬਿਆਂ ਤੱਕ ਹੀ ਸੀਮਤ ਰਹੇਗਾ, ਜਿਨ੍ਹਾਂ ਦੇ ਵਿਦੇਸ਼ੋਂ ਪੈਸੇ ਵੱਡੀ ਮਾਤਰਾ 'ਚ ਆਉਂਦਾ ਹੈ। ਭਾਰਤ ਦੁਨੀਆ 'ਚ ਸਭ ਤੋਂ ਵੱਧ ਵਿਦੇਸ਼ੀ ਰਕਮ ਪ੍ਰਾਪਤ ਕਰਨ ਵਾਲਿਆਂ 'ਚੋਂ ਇਕ ਹੈ।

ਵਿਦੇਸ਼ਾਂ 'ਚ ਕੰਮ ਕਰ ਰਹੇ ਭਾਰਤੀ ਲੋਕਾਂ ਵੱਲੋਂ ਇਸ ਵਾਰ ਘੱਟ ਪੈਸਾ ਭੇਜਣ ਦਾ ਪ੍ਰਮੁੱਖ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਆਰਥਿਕ ਮੰਦੀ ਨੂੰ ਮੰਨਿਆ ਜਾ ਰਿਹਾ ਹੈ।

ਵਿਸ਼ਵ ਬੈਂਕ ਦੇ ਅੰਕੜਿਆਂ ਮੁਤਾਬਕ, ਦੁਨੀਆ ਭਰ 'ਚ ਲਗਭਗ 1.6 ਕਰੋੜ ਭਾਰਤੀ ਪ੍ਰਵਾਸੀ ਹਨ। ਇਨ੍ਹਾਂ 'ਚੋਂ 55 ਫੀਸਦੀ ਖਾੜੀ ਮੁਲਕਾਂ 'ਚ ਹਨ, ਜੋ ਕੁੱਲ ਰੇਮੀਟੈਂਸ ਦਾ ਲਗਭਗ 54 ਫੀਸਦੀ ਭਾਰਤ ਭੇਜਦੇ ਹਨ।

ਵਿਸ਼ਵ ਬੈਂਕ ਮੁਤਾਬਕ, ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪੈਦਾ ਹੋਏ ਆਰਥਿਕ ਸੰਕਟ ਦੀ ਵਜ੍ਹਾ ਨਾਲ 2020 'ਚ ਭਾਰਤ ਨੂੰ ਵਿਦੇਸ਼ੋਂ ਭੇਜੇ ਜਾਣ ਵਾਲੇ ਪੈਸੇ 'ਚ 23 ਫੀਸਦੀ ਦੀ ਕਮੀ ਆਉਣ ਦੀ ਸੰਭਾਵਨਾ ਹੈ। ਇਸ ਨਾਲ ਭਾਰਤ ਨੂੰ ਮਿਲਣ ਵਾਲਾ ਰੇਮੀਟੈਂਸ 2019 'ਚ 83 ਅਰਬ ਡਾਲਰ ਤੋਂ ਡਿੱਗ ਕੇ 2020 'ਚ 64 ਅਰਬ ਡਾਲਰ 'ਤੇ ਆ ਸਕਦਾ ਹੈ। 2018 'ਚ ਭਾਰਤ ਨੂੰ 78.6 ਅਰਬ ਡਾਲਰ ਦਾ ਰੇਮੀਟੈਂਸ ਮਿਲਿਆ ਸੀ। ਵਿਸ਼ਵ ਬੈਂਕ ਮੁਤਾਬਕ, 2020 'ਚ ਗਲੋਬਲ ਰੇਮੀਟੈਂਸ 'ਚ 20 ਫੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ।


author

Sanjeev

Content Editor

Related News