ਹੁਣ ਤੁਸੀਂ ਨਹੀਂ ਖਰੀਦ ਸਕੋਗੇ ਇਹ ਕਾਰਾਂ, ਕੰਪਨੀ ਬੰਦ ਕਰੇਗੀ ਭਾਰਤ ''ਚ ਕਾਰੋਬਾਰ!

05/24/2017 1:53:42 PM

ਨਵੀਂ ਦਿੱਲੀ— ਲਗਭਗ ਸੌ ਸਾਲਾਂ ਤੋਂ ਭਾਰਤੀ ਬਾਜ਼ਾਰ ''ਚ ਸ਼ੇਵਰਲੇ ਬਰਾਂਡ ਰਾਹੀਂ ਧਮਾਲ ਮਚਾਉਣ ਵਾਲੀ ਅਮਰੀਕਾ ਦੀ ਦਿੱਗਜ ਕੰਪਨੀ ਜਨਰਲ ਮੋਟਰਜ਼ ਹੁਣ ਭਾਰਤ ''ਚ ਕਾਰਾਂ ਦੀ ਵਿਕਰੀ ਬੰਦ ਕਰਨ ਜਾ ਰਹੀ ਹੈ। ਭਾਰਤ ''ਚ ਹੁਣ ਤੁਹਾਨੂੰ ਸ਼ੇਵਰਲੇ ਬੀਟ, ਸ਼ੇਵਰਲੇ ਸਪਾਰਕ, ਸ਼ੇਵਰਲੇ ਸੇਲ, ਸ਼ੇਵਰਲੇ ਇੰਜਾਏ, ਸ਼ੇਵਰਲੇ ਕਰੂਜ਼, ਸ਼ੇਵਰਲੇ ਟਰੇਲਬਲੇਜ਼ਰ ਕਾਰਾਂ ਖਰੀਦਣ ਨੂੰ ਨਹੀਂ ਮਿਲਣਗੀਆਂ। ਕੰਪਨੀ 2017 ਦੇ ਅੰਤ ਤਕ ਭਾਰਤ ''ਚ ਆਪਣੇ ਵਾਹਨ ਵੇਚਣਾ ਬੰਦ ਕਰ ਦੇਵੇਗੀ। ਜਨਰਲ ਮੋਟਰਜ਼ ਨੇ ਸਾਲ 1918 ''ਚ ਸ਼ੇਵਰਲੇ ਦੀ ਵਿਕਰੀ ਰਾਹੀਂ ਪਹਿਲੀ ਵਾਰ ਭਾਰਤੀ ਬਾਜ਼ਾਰ ''ਚ ਆਪਣਾ ਕਦਮ ਰੱਖਿਆ ਸੀ। ਕੰਪਨੀ ਨੇ 1928 ''ਚ ਬੰਬਈ ''ਚ ਇਕ ਫੈਕਟਰੀ ਖੋਲ੍ਹੀ ਪਰ 1958 ''ਚ ਵਾਪਸ ਚਲੀ ਗਈ। ਇਸ ਤੋਂ ਬਾਅਦ ਇਹ 1995 ''ਚ ਇੱਥੇ ਦੁਬਾਰਾ ਆਈ ਪਰ ਬਾਜ਼ਾਰ ''ਚ ਕੋਈ ਜ਼ਿਆਦਾ ਪਕੜ ਨਹੀਂ ਬਣਾ ਸਕੀ। 

ਬਾਜ਼ਾਰ ''ਚ ਮੁੱਲ ਹੇਠਾਂ ਡਿੱਗਣ ਦੇ ਆਸਾਰ...

ਜਨਰਲ ਮੋਟਰਜ਼ ਭਾਰਤ ''ਚ ਕਾਰਾਂ ਦੀ ਵਿਕਰੀ ਬੰਦ ਕਰਨ ਜਾ ਰਹੀ ਹੈ, ਇਹ ਖਬਰ ਸੁਣ ਕੇ ਸ਼ੇਵਰਲੇ ਬੀਟ ਵਰਗੀਆਂ ਕਾਰਾਂ ਦੇ ਕਈ ਮਾਲਕਾਂ ਨੂੰ ਕਰਾਰਾ ਝਟਕਾ ਲੱਗਾ ਹੈ। ਨੋਇਡਾ ਦੇ ਰਹਿਣ ਵਾਲੇ ਸੁਮਿਤ ਕੁਮਾਰ ਨੇ 2 ਮਹੀਨੇ ਪਹਿਲਾਂ ਹੀ ਕਾਰ ਖਰੀਦੀ ਸੀ ਪਰ ਹੁਣ ਉਹ ਪ੍ਰੇਸ਼ਾਨ ਹਨ ਕਿ ਉਹ ਇਸ ਕਾਰ ਦਾ ਕੀ ਕਰਨ? ਸਭ ਤੋਂ ਵੱਡੀ ਚਿੰਤਾ ਇਸ ਗੱਲ ਦੀ ਹੈ ਕਿ ਕਾਰ ਦੀ ਸਰਵਿਸ ਮੁਸ਼ਕਿਲ ਹੋਵੇਗੀ ਅਤੇ ਰੀ-ਸੇਲ ਵੈਲਿਯੂ ਵੀ ਘੱਟ ਹੋ ਜਾਵੇਗੀ। ਉੱਥੇ ਹੀ ਇਸ ਕਾਰਨ ਡੀਲਰ ਵੀ ਪ੍ਰੇਸ਼ਾਨ ਹਨ। ਇਕ ਡੀਲਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ ਮਾਮਲੇ ''ਚ ਕੰਪਨੀ ਵੱਲੋਂ ਪੂਰੀ ਤਰ੍ਹਾਂ ਹਨੇਰੇ ''ਚ ਰੱਖਿਆ ਗਿਆ। ਡੀਲਰ ਦਾ ਦੋਸ਼ ਗੱਲਤ ਵੀ ਨਹੀਂ ਹੈ ਕਿਉਂਕਿ ਭਾਰਤ ''ਚ ਕਾਰਾਂ ਦੀ ਸੇਲ ਬੰਦ ਕਰਨ ਦੇ ਫੈਸਲੇ ਤੋਂ ਠੀਕ ਇਕ ਮਹੀਨਾ ਪਹਿਲਾਂ ਹੀ ਕੰਪਨੀ ਨੇ ਆਪਣੇ ਰਿਟੇਲ ਪਾਰਟਨਰ ਨੂੰ ਹੈਚਬੈਕ ਬੀਟ ਦੇ ਤਾਜ਼ਾ ਮਾਡਲ ਦੀ ਲਾਚਿੰਗ ਲਈ ਸੱਦਿਆ ਸੀ। ਫਿਲਹਾਲ ਜਨਰਲ ਮੋਟਰਜ਼ ਦੇ ਅਜਿਹੇ ਤਕਰੀਬਨ 100 ਡੀਲਰ ਹਨ ਜੋ ਆਪਣੇ ਭਵਿੱਖ ਨੂੰ ਲੈ ਕੇ ਹਨੇਰੇ ''ਚ ਹਨ। ਇਸ ਤੋਂ ਇਲਾਵਾ ਸ਼ੇਵਰਲੇ ਕਾਰਾਂ ਦੇ ਕਈ ਮਾਲਕ ਇਸ ਦੀ ਰੀ-ਸੇਲ ਵੈਲਿਯੂ ਅਤੇ ਸਰਵਿਸ ਨੂੰ ਲੈ ਕੇ ਪ੍ਰੇਸ਼ਾਨ ਹਨ। 

7000 ਤੋਂ ਜ਼ਿਆਦਾ ਨੌਕਰੀਆਂ ''ਤੇ ਸੰਕਟ!

ਭਾਰਤ ''ਚ ਸਥਿਤ ਜਨਰਲ ਮੋਟਰਜ਼ ਦੇ 120 ਆਊਟਲੇਟਸ ਸ਼ੇਵਰਲੇ ਕਾਰਾਂ ਦੀ ਸੇਲ ਕਰਦੇ ਹਨ। ਇਨ੍ਹਾਂ ''ਚੋਂ ਕਈ ਤਾਂ ਉਦੋਂ ਤੋਂ ਕੰਮ ਕਰ ਰਹੇ ਹਨ, ਜਦੋਂ ਕੰਪਨੀ ਨੇ ਭਾਰਤ ''ਚ ਆਪਣਾ ਕੰਮ ਸ਼ੁਰੂ ਕੀਤਾ ਸੀ। ਇਨ੍ਹਾਂ ਸਭ ''ਚ 70 ਤੋਂ ਲੈ ਕੇ 150 ਤਕ ਕਰਮਚਾਰੀ ਹਨ, ਇਸੇ ਤਰ੍ਹਾਂ ਕੁੱਲ 10,000 ਲੋਕ ਇਨ੍ਹਾਂ ''ਚ ਕੰਮ ਕਰ ਰਹੇ ਹਨ। ਅਗਲੇ ਕੁਝ ਮਹੀਨਿਆਂ ''ਚ ਇਨ੍ਹਾਂ ''ਚੋਂ 7,000 ਲੋਕਾਂ ਦੀ ਨੌਕਰੀ ਜਾ ਸਕਦੀ ਹੈ। ਕੁਝ ਲੋਕਾਂ ਦੀ ਨੌਕਰੀ ਤਾਂ ਕਦੇ ਵੀ ਜਾ ਸਕਦੀ ਹੈ।


Related News