ਕਿਸਾਨਾਂ ਦੀ ਵਧੇਗੀ ਕਮਾਈ, 52 ਦਿਨਾਂ ''ਚ ਤਿਆਰ ਹੋਵੇਗੀ ਦਾਲ ਦੀ ਨਵੀਂ ਫਸਲ

09/24/2017 7:28:21 AM

ਨਵੀਂ ਦਿੱਲੀ (ਏਜੰਸੀਆਂ)— ਦੇਸ਼ 'ਚ ਦਾਲ ਦਾ ਉਤਪਾਦਨ ਵੱਧ ਸਕੇ ਇਸ ਲਈ ਭਾਰਤੀ ਖੇਤੀਬਾੜੀ ਖੋਜ ਪ੍ਰਸ਼ਿਦ ਨੇ ਮੂੰਗੀ ਦੀ ਇਕ ਅਜਿਹੀ ਕਿਸਮ ਵਿਕਸਤ ਕੀਤੀ ਹੈ, ਜਿਹੜੀ 52 ਤੋਂ 55 ਦਿਨ 'ਚ ਹੀ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕਿਸਮ ਪੰਜਾਬ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੈ, ਤਾਂ ਕਿ ਉਹ ਕਣਕ ਕੱਟਣ ਤੋਂ ਬਾਅਦ ਮੂੰਗ ਦੀ ਫਸਲ ਬੀਜ ਸਕਣ ਅਤੇ ਉਸ ਤੋਂ ਬਾਅਦ ਝੌਨੇ ਦੀ ਬਿਜਾਈ ਵੀ ਕਰ ਸਕਣ।
ਇਸ ਨਵੀਂ ਕਿਸਮ ਨਾਲ ਇਕ ਪਾਸੇ ਦਾਲ ਉਤਪਾਦਨ ਦੇ ਮਾਮਲੇ 'ਚ ਭਾਰਤ ਆਤਮ ਨਿਰਭਰ ਹੋ ਸਕੇਗਾ, ਦੂਜੇ ਪਾਸੇ ਕਿਸਾਨਾਂ ਦੀ ਆਮਦਨ ਵੀ ਵਧੇਗੀ। ਭਾਰਤੀ ਖੇਤੀਬਾੜੀ ਖੋਜ ਪ੍ਰਸ਼ਿਦ ਦੇ ਵਿਗਿਆਨੀਆਂ ਵੱਲੋਂ ਮੂੰਗ ਦੀ ਨਵੀਂ ਕਿਸਮ ਵਿਰਾਟ (ਆਈ. ਪੀ. ਐੱਮ. 205) ਦੀ ਖੋਜ ਕੀਤੀ ਗਈ ਹੈ। ਇਸ ਕਿਸਮ ਦੀ ਫਸਲ 52 ਤੋਂ 55 ਦਿਨਾਂ 'ਚ ਪੱਕ ਕੇ ਤਿਆਰ ਹੋ ਜਾਂਦੀ ਹੈ, ਜਦੋਂ ਕਿ ਆਮ ਤੌਰ 'ਤੇ ਮੂੰਗ ਦੀ ਫਸਲ ਨੂੰ ਤਿਆਰ ਹੋਣ 'ਚ 65 ਤੋਂ 80 ਦਿਨ ਦਾ ਸਮਾਂ ਲੱਗਦਾ ਹੈ। ਇਹੀ ਨਹੀਂ ਵਿਰਾਟ ਕਿਸਮ 'ਚ ਪ੍ਰਤੀ ਹੈਕਟੇਅਰ ਉਪਜ 10 ਕੁਇੰਟਲ ਤਕ ਦੇਖੀ ਗਈ ਹੈ, ਜਦੋਂ ਕਿ ਆਮ ਮੂੰਗ ਦੀ ਪ੍ਰਮੁੱਖ ਕਿਸਮ ਦਾ ਪ੍ਰਤੀ ਹੈਕਟੇਅਰ ਝਾੜ 7 ਤੋਂ 8 ਕੁਇੰਟਲ ਤਕ ਹੈ। 
ਕਣਕ ਤੇ ਝੌਨੇ ਵਿਚਕਾਰ ਖਾਲੀ ਸਮੇਂ 'ਚ ਹੋ ਸਕੇਗੀ ਖੇਤੀ
ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਆਦਿ ਸੂਬਿਆਂ 'ਚ ਕਣਕ ਦੀ ਫਸਲ ਲੈਣ ਤੋਂ ਬਾਅਦ ਝੌਨੇ ਦੀ ਬਿਜਾਈ ਕਰਨ ਤਕ ਤਕਰੀਬਨ 2 ਮਹੀਨੇ ਖੇਤ ਖਾਲੀ ਰਹਿੰਦੇ ਹਨ। ਇਸ ਦੌਰਾਨ ਕਿਤੇ-ਕਿਤੇ ਸਾਗ-ਸਬਜ਼ੀਆਂ ਦੀ ਖੇਤੀ ਹੁੰਦੀ ਹੈ ਪਰ ਉਹ ਵੀ ਬਹੁਤ ਘੱਟ ਸਥਾਨਾਂ 'ਤੇ। ਇਸ ਮਿਆਦ 'ਚ ਕੋਈ ਦਾਲਾਂ ਦੀ ਫਸਲ ਹੋ ਸਕੇ, ਇਸ 'ਤੇ ਵਿਗਿਆਨੀਆਂ ਨੇ ਕੰਮ ਸ਼ੁਰੂ ਕੀਤਾ, ਉਦੋਂ ਇਸ ਲਈ ਮੂੰਗ ਸਭ ਤੋਂ ਬਿਹਤਰ ਨਜ਼ਰ ਆਈ ਕਿਉਂਕਿ ਇਸ ਦੇ ਉਤਪਾਦਨ ਲਈ ਮੌਸਮ ਆਮ ਤੌਰ 'ਤੇ ਸੁੱਕਾ ਅਤੇ ਗਰਮ ਹੋਣਾ ਚਾਹੀਦਾ ਹੈ। ਮੀਂਹ ਵੀ ਇਸ ਫਸਲ ਲਈ ਨੁਕਸਾਨਦਾਇਕ ਹੁੰਦਾ ਹੈ ਪਰ ਪਹਿਲਾਂ ਫਸਲ ਤਿਆਰ ਹੋਣ ਦਾ ਸਮਾਂ ਜ਼ਿਆਦਾ ਸੀ। ਇਸ ਲਈ ਘੱਟ ਸਮੇਂ 'ਚ ਤਿਆਰ ਹੋਣ ਵਾਲੀ ਫਸਲ ਵਿਕਸਤ ਕੀਤੀ ਗਈ ਹੈ।


Related News