ਫੇਸਬੁੱਕ ਅਤੇ ਇੰਸਟਾਗ੍ਰਾਮ 'ਚ ਇਸ ਸਾਲ ਨਹੀਂ ਹੋਵੇਗੀ ਕੋਈ ਭਰਤੀ, ਜਾਣੋ ਕਾਰਨ
Thursday, May 05, 2022 - 12:20 PM (IST)
ਬਿਜਨੈੱਸ ਡੈਸਕ-ਸੋਸ਼ਲ ਮੀਡੀਆ ਸਾਈਟ ਫੇਸਬੁੱਕ ਦੀ ਮੂਲ ਕੰਪਨੀ ਮੇਟਾ ਨੇ ਖਰਚ 'ਚ ਕਟੌਤੀ ਲਈ ਆਪਣੀ ਰਣਨੀਤੀ 'ਚ ਵੱਡਾ ਬਦਲਾਅ ਕੀਤਾ ਹੈ। ਕੰਪਨੀ ਦੇ ਇਕ ਇੰਟਰਨਲ ਨੋਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਮੇਟਾ ਨੇ ਹਾਈਰਿੰਗ ਟਾਰਗੇਟ 'ਚ ਵੱਡੀ ਕਟੌਤੀ ਦੇ ਨਾਲ ਇਸ ਸਾਲ ਨਵੀਂਆਂ ਭਰਤੀਆਂ 'ਤੇ ਰੋਕ ਲਗਾ ਦਿੱਤੀ ਹੈ।
ਇਕ ਰਿਪੋਰਟ ਮੁਤਾਬਕ ਕਰਮਚਾਰੀਆਂ ਨੂੰ ਲਿਖੇ ਇਕ ਇੰਟਰਨਲ ਮੈਮੋ 'ਚ ਫੇਸਬੁੱਕ ਦੇ ਮੁੱਖ ਵਿੱਤੀ ਅਧਿਕਾਰੀ (ਸੀ.ਐੱਫ.ਓ.) ਡੇਵਿਡ ਵਹੇਨਰ ਨੇ ਕਿਹਾ ਕਿ ਖਰਚ 'ਚ ਕਟੌਤੀ ਦੇ ਨਾਲ ਕੰਪਨੀ ਆਪਣੀ ਰਣਨੀਤੀ 'ਚ ਵੀ ਬਦਲਾਅ ਕਰ ਰਹੀ ਹੈ। ਰੂਸ-ਯੂਕ੍ਰੇਨ, ਯੁੱਧ, ਡਾਟਾ ਪ੍ਰਾਈਵੈਸੀ 'ਚ ਬਦਲਾਅ ਅਤੇ ਇੰਡਸਟਰੀ 'ਚ ਚੱਲ ਰਹੇ ਸਲੋਡਾਊਨ ਦੀ ਵਜ੍ਹਾ ਨਾਲ ਸਾਡੇ ਬਿਜਨੈੱਸ 'ਤੇ ਕਾਫੀ ਅਸਰ ਪਿਆ ਹੈ। ਫੇਸਬੁੱਕ ਦਾ ਤਿਮਾਹੀ ਰਿਜ਼ਲਟ ਵੀ ਉਮੀਦ ਤੋਂ ਜ਼ਿਆਦਾ ਘੱਟ ਰਿਹਾ। ਲਿਹਾਜ਼ਾ ਖਰਚ ਘਟਾਉਣ ਦੀ ਤਰਜੀਹ ਦਿੰਦੇ ਹੋਏ ਨਵੀਂਆਂ ਭਰਤੀਆਂ 'ਤੇ ਫਿਲਹਾਲ ਰੋਕ ਲਗਾਈ ਜਾ ਰਹੀ ਹੈ ਅਤੇ ਅੱਗੇ ਵੀ ਇਸ ਦੇ ਟੀਚੇ 'ਚ ਕਟੌਤੀ ਕੀਤੀ ਜਾਵੇਗੀ।
ਇੰਟਰਨਲ ਟਰਾਂਸਫਰ 'ਤੇ ਰਹੇਗਾ ਜ਼ੋਰ
ਡੇਵਿਡ ਨੇ ਕਿਹਾ ਕਿ ਅਸੀਂ ਸਾਲ 2022 'ਚ ਪ੍ਰਵੇਸ਼ ਕਰ ਚੁੱਕੇ ਹਾਂ, ਜਿਥੇ ਤੇਜ਼ ਵਾਧੇ ਦਾ ਟੀਚਾ ਰੱਖਿਆ ਗਿਆ ਹੈ। ਹਾਲਾਂਕਿ ਮੌਜੂਦਾਂ ਹਲਾਤਾਂ ਨੂੰ ਦੇਖਦੇ ਹੋਏ ਪਹਿਲੀ ਛਿਮਾਹੀ 'ਚ ਸਾਨੂੰ ਆਪਣੇ ਟਿਚਿਆਂ ਨੂੰ ਥੋੜ੍ਹਾ ਘੱਟ ਕਰਨਾ ਹੋਵੇਗਾ। ਇਹ ਆਉਣ ਵਾਲੇ ਕੁਝ ਸਮੇਂ ਲਈ ਹਾਈਰਿੰਗ ਪ੍ਰਕਿਰਿਆ 'ਤੇ ਅਸਰ ਪਾਵੇਗਾ ਅਤੇ ਇਸ ਨਾਲ ਕੰਪਨੀ ਦੀ ਹਰ ਟੀਮ ਪ੍ਰਭਾਵਿਤ ਹੋਵੇਗੀ। ਇਸ ਤੋਂ ਪਹਿਲੇ ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਸੀ ਕਿ ਮੈਟਾ ਇਸ ਸਾਲ ਅਪ੍ਰੈਲ 'ਚ ਕਿਸੇ ਵੀ ਇੰਜੀਨੀਅਰ ਦੀ ਭਰਤੀ ਨਹੀਂ ਕਰੇਗਾ, ਜਿਸ 'ਚ ਈ3 ਅਤੇ ਈ4 ਲੈਵਲ ਦੇ ਇੰਜੀਨੀਅਰ ਸ਼ਾਮਲ ਹੋਣਗੇ।
ਸ਼ੇਅਰਾਂ 'ਚ 40 ਫੀਸਦੀ ਦੀ ਵੱਡੀ ਗਿਰਾਵਟ
ਫੇਸਬੁੱਕ ਨੇ ਪਿਛਲੇ ਹਫਤੇ ਖਰਚ ਘਟਾਉਣ ਦੀ ਘੋਸ਼ਣਾ ਕੀਤੀ ਸੀ। ਕੰਪਨੀ ਨੇ ਕਿਹਾ ਕਿ ਉਹ ਆਪਣੇ ਕੁੱਲ ਖਰਚ ਨੂੰ 92 ਅਰਬ ਡਾਲਰ ਤੱਕ ਸੀਮਿਤ ਰੱਖੇਗੀ, ਜੋ ਪਹਿਲੇ 95 ਅਰਬ ਡਾਲਰ ਰੱਖਣ ਦਾ ਪਲਾਨ ਸੀ। ਕੰਪਨੀ ਦੇ ਸ਼ੇਅਰ ਅਜੇ 213 ਡਾਲਰ ਦੇ ਭਾਅ 'ਤੇ ਟ੍ਰੇਡਿੰਗ ਕਰ ਰਹੇ ਅਤੇ ਇਸ 'ਚ ਸਾਲ 2022 'ਚ ਹੀ 40 ਫੀਸਦੀ ਦੀ ਵੱਡੀ ਗਿਰਾਵਟ ਆ ਚੁੱਕੀ ਹੈ।
ਮੇਟਾ ਹੀ ਨਹੀਂ ਇਸ ਖੇਤਰ ਦੀਆਂ ਹੋਰ ਕੰਪਨੀਆਂ ਵੀ ਜਾਬ 'ਚ ਕਟੌਤੀ ਕਰ ਰਹੀਆਂ ਹਨ। DoorDash ਦੇ ਸੀ.ਈ.ਓ. ਨੇ ਵੀ ਸਟਾਫ ਵਧਾਉਣ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਦੀ ਗੱਲ ਆਖੀ ਸੀ, ਜਦੋਂਕਿ ਗੂਗਲ ਕਲਾਊਡ ਪਹਿਲੇ ਹੀ ਜਾਬ 'ਚ ਕਟੌਤੀ ਕਰ ਚੁੱਕੀ ਹੈ।
ਫੇਸਬੁੱਕ ਦੇ ਹੋਰ ਖੇਤਰਾਂ 'ਚ ਭਰਤੀ ਜਾਰੀ
ਇਕ ਕਰਮਚਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਫੇਸਬੁੱਕ 'ਚ ਹੋਰ ਖੇਤਰਾਂ ਦੇ ਮੈਨੇਜਰਸ ਲਗਾਤਾਰ ਹਾਈਰਿੰਗ ਕਰ ਰਹੇ ਹਨ। ਕੰਪਨੀ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਵੀ ਐਟਰੀਸ਼ਨ ਰੇਟ (ਨੌਕਰੀ ਛੱਡਣ ਵਾਲਿਆਂ ਦੀ ਦਰ) ਵਧਣ ਨੂੰ ਲੈ ਕੇ ਚਿੰਤਾ ਜਤਾ ਚੁੱਕੇ ਹਨ। ਫੇਸਬੁੱਕ 'ਚ ਅਜੇ ਕਰੀਬ 78 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਇਹ ਗਿਣਤੀ ਪਿਛਲੇ ਸਾਲ ਦੀ ਤੁਲਨਾ 'ਚ 28 ਫੀਸਦੀ ਜ਼ਿਆਦਾ ਹੈ।
ਜ਼ੁਕਰਬਰਗ ਨੇ ਭਰਤੀਆਂ ਦੇ ਨਾਲ ਇੰਟਰਨਲ ਸ਼ਿਫਟਿੰਗ 'ਤੇ ਵੀ ਜ਼ੋਰ ਦਿੰਦੇ ਹੋਏ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੇਟਾਵਰਸ ਦੀ ਟੀਮ ਹੋਰ ਮਜ਼ਬੂਤ ਕਰਨ ਲਈ ਸ਼ਿਫਟਿੰਗ ਨੂੰ ਤਰਜੀਹ ਦਿੱਤੀ ਜਾਵੇਗੀ। ਹਾਲਾਂਕਿ ਉਨ੍ਹਾਂ ਨੇ ਮੇਟਾਵਰਸ 'ਚ ਨਿਵੇਸ਼ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਦੀ ਗੱਲ ਕਹੀ ਹੈ।