ਜਦੋਂ ਤੱਕ ਮੋਦੀ ਸੱਤਾ 'ਚ, MSP ਖ਼ਤਮ ਕਰਨ ਦਾ ਸਵਾਲ ਹੀ ਨਹੀਂ : ਧਰਮੇਂਦਰ
Saturday, Oct 03, 2020 - 10:31 PM (IST)
ਨਵੀਂ ਦਿੱਲੀ— ਪਿਛਲੇ ਦਿਨੀਂ ਸੰਸਦ 'ਚ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਕਾਨੂੰਨ ਬਣਨ ਮਗਰੋਂ ਦੇਸ਼ ਭਰ 'ਚ ਖ਼ਾਸਕਰ ਪੰਜਾਬ 'ਚ ਕਿਸਾਨਾਂ ਦਾ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵਿਰੋਧੀ ਦਲ ਵੀ ਇਨ੍ਹਾਂ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸ ਰਹੇ ਹਨ।
ਇਸ ਵਿਚਕਾਰ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਅਤੇ ਸਟੀਲ ਮੰਤਰੀ ਧਰਮੇਂਦਰ ਪ੍ਰਧਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ 'ਚ ਹਨ ਉਦੋਂ ਤੱਕ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਹਟਾਉਣ ਬਾਰੇ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਪ੍ਰਧਾਨ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਿਛਲੇ ਸਮੇਂ 'ਚ ਕਿਸਾਨਾਂ ਨਾਲ ਧੋਖਾ ਕੀਤਾ ਹੈ, ਉਹ ਹੁਣ ਮਗਰਮੱਛ ਦੇ ਹੰਝੂ ਰੋ ਰਹੇ ਹਨ।
ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਲਈ ਸਰਕਾਰ ਖੇਤੀ ਬੁਨਿਆਦੀ ਢਾਂਚੇ 'ਤੇ 1 ਲੱਖ ਕਰੋੜ ਰੁਪਏ ਖ਼ਰਚ ਕਰ ਰਹੀ ਹੈ। ਕਿਸਾਨਾਂ ਨੂੰ ਠੱਗਣ ਵਾਲੇ ਲੋਕ ਹੁਣ ਝੂਠਾ ਰੋਣਾ-ਰੋ ਰਹੇ ਹਨ। ਉਹ ਲੋਕ ਕਿਸਾਨਾਂ ਨੂੰ ਗੁੰਮਰਾਹ ਕਰਨ 'ਚ ਸਫ਼ਲ ਨਹੀਂ ਹੋਣਗੇ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 70 ਬੀਤ ਜਾਣ ਪਿੱਛੋਂ ਵੀ ਕਿਸਾਨਾਂ ਨੂੰ ਫਸਲਾਂ ਦਾ ਸਹੀ ਮੁਲ ਨਹੀਂ ਮਿਲ ਰਿਹਾ ਸੀ। ਹੁਣ ਨਵੇਂ ਕਾਨੂੰਨ ਬਣਨ ਨਾਲ ਉਹ ਸੁਤੰਤਰ ਹੋ ਕੇ ਆਪਣੀ ਫਸਲ ਕਿਤੇ ਵੀ ਵੇਚ ਸਕਣਗੇ। ਕਿਸਾਨਾਂ ਨੂੰ ਹੁਣ ਉਨ੍ਹਾਂ ਦੀਆਂ ਫਸਲਾਂ ਦਾ ਸਹੀ ਮੁੱਲ ਮਿਲੇਗਾ। ਗੌਰਤਲਬ ਹੈ ਕਿ ਸਰਕਾਰ ਨਵੇਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਪੱਖੀ ਦੱਸ ਰਹੀ ਹੈ, ਜਦੋਂ ਕਿ ਵਿਰੋਧੀ ਦਲ ਇਸ ਦੇ ਖ਼ਿਲਾਫ ਰੋਸ-ਪ੍ਰਦਰਸ਼ਨ ਕਰ ਰਹੇ ਹਨ। ਓਧਰ, ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਐੱਮ. ਐੱਸ. ਪੀ. ਖ਼ਤਮ ਨਹੀਂ ਹੋਵੇਗਾ।