ਮਹਿੰਗਾਈ ਦੇ ਮੋਰਚੇ ''ਤੇ ਰਾਹਤ ਦੀ ਉਮੀਦ ਨਹੀਂ, ਸੋਮਵਾਰ ਆਉਣਗੇ ਅੰਕੜੇ
Sunday, Feb 11, 2018 - 12:31 PM (IST)
ਨਵੀਂ ਦਿੱਲੀ— ਪੈਟਰੋਲ ਅਤੇ ਡੀਜ਼ਲ ਦੇ ਨਾਲ ਸਬਜ਼ੀਆਂ ਦੀਆਂ ਉੱਚੀਆਂ ਕੀਮਤਾਂ ਕਾਰਨ ਜਨਵਰੀ ਵਿੱਚ ਵੀ ਪਰਚੂਨ ਮਹਿੰਗਾਈ ਵਿੱਚ ਜ਼ਿਆਦਾ ਰਾਹਤ ਦੀ ਉਮੀਦ ਨਹੀਂ ਹੈ।ਜਨਵਰੀ ਦੇ ਪਰਚੂਨ ਮਹਿੰਗਾਈ ਅੰਕੜੇ ਸੋਮਵਾਰ ਨੂੰ ਜਾਰੀ ਹੋਣੇ ਹਨ।ਇਸ ਤੋਂ ਪਹਿਲਾਂ ਦਸੰਬਰ ਵਿੱਚ ਲਗਾਤਾਰ ਤੀਸਰੇ ਮਹੀਨੇ ਵਧਦੀ ਹੋਈ ਪਰਚੂਨ ਮਹਿੰਗਾਈ ਦਰ 17 ਮਹੀਨਿਆਂ ਦੇ ਉੱਚੇ ਪੱਧਰ 5.21 ਫੀਸਦੀ 'ਤੇ ਰਹੀ ਸੀ
ਜਨਵਰੀ ਵਿੱਚ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਰਿਕਾਰਡ ਪੱਧਰ 'ਤੇ ਰਹਿਣ ਅਤੇ ਪੈਟਰੋਲ ਦੇ ਹੁਣ ਤੱਕ ਦੇ ਰਿਕਾਰਡ ਪੱਧਰ 'ਤੇ ਪਹੁੰਚਣ ਕਾਰਨ ਮਹਿੰਗਾਈ 'ਤੇ ਦਬਾਅ ਹੈ।ਪਰਚੂਨ ਮਹਿੰਗਾਈ ਦੇ ਆਧਿਕਾਰਤ ਅੰਕੜਿਆਂ ਵਿੱਚ ਬਾਲਣ ਅਤੇ ਬਿਜਲੀ ਖੇਤਰ ਦੀ ਹਿੱਸੇਦਾਰੀ 7.94 ਫੀਸਦੀ ਹੈ।ਰਿਜ਼ਰਵ ਬੈਂਕ ਨੇ 7 ਫਰਵਰੀ ਨੂੰ ਦੋਮਾਹੀ ਕਰੰਸੀ ਨੀਤੀ ਸਮੀਖਿਆ ਬਿਆਨ ਵਿੱਚ ਮਹਿੰਗਾਈ 'ਤੇ ਚਿੰਤਾ ਜਤਾਈ ਸੀ।ਉਸ ਨੇ ਕਿਹਾ ਸੀ ਕਿ ਆਮ ਤੌਰ 'ਤੇ ਦਸੰਬਰ ਵਿੱਚ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਜਿੰਨੀ ਕਮੀ ਹੁੰਦੀ ਹੈ ਇਸ ਵਾਰ ਓਨੀ ਗਿਰਾਵਟ ਨਹੀਂ ਹੋਈ।ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਹੋਣ ਦੇ ਬਾਅਦ ਆਵਾਸ ਭੱਤੇ ਵਿੱਚ ਹੋਏ ਵਾਧਾ ਦਾ ਅਸਰ ਮਹਿੰਗਾਈ ਦਰ 'ਤੇ ਜਨਵਰੀ ਵਿੱਚ ਵੀ ਬਰਕਰਾਰ ਰਹੇਗਾ।ਮਾਹਰਾਂ ਦਾ ਮੰਨਣਾ ਹੈ ਕਿ ਦਾਲਾਂ ਅਤੇ ਅਨਾਜਾਂ ਦੀਆਂ ਕੀਮਤਾਂ ਦੀ ਮਹਿੰਗਾਈ ਦਰ ਵਿੱਚ ਕੁੱਝ ਗਿਰਾਵਟ ਜ਼ਰੂਰ ਆ ਸਕਦੀ ਹੈ ਪਰ ਕੁਲ ਮਿਲਾ ਕੇ ਮਹਿੰਗਾਈ ਦਰ ਵਿੱਚ ਜੇਕਰ ਗਿਰਾਵਟ ਆਉਂਦੀ ਵੀ ਹੈ ਤਾਂ ਉਹ ਬਹੁਤ ਜ਼ਿਆਦਾ ਨਹੀਂ ਹੋਵੇਗੀ।ਜਨਵਰੀ ਵਿੱਚ ਵੀ ਪਰਚੂਨ ਮਹਿੰਗਾਈ 5 ਫੀਸਦੀ ਤੋਂ ਉਪਰ ਬਣੇ ਰਹਿਣ ਦੀ ਸੰਭਾਵਨਾ ਹੈ।
