ਨਿਸਾਨ ਵੀ ਵਧਾਉਣ ਜਾ ਰਹੀ ਹੈ ਕੀਮਤਾਂ, ਜਨਵਰੀ ਤੋਂ ਗੱਡੀ ਇੰਨੀ ਹੋਏਗੀ ਮਹਿੰਗੀ
Wednesday, Dec 11, 2019 - 03:39 PM (IST)

ਨਵੀਂ ਦਿੱਲੀ— ਹੁਣ ਨਿਸਾਨ ਮੋਟਰ ਵੀ ਕਾਰਾਂ ਦੀ ਕੀਮਤ 'ਚ ਵਾਧਾ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਹੁੰਡਈ, ਮਾਰੂਤੀ ਸੁਜ਼ੂਕੀ, ਟੋਇਟਾ, ਮਹਿੰਦਰਾ ਤੇ ਮਰਸਡੀਜ਼ ਬੈਂਜ ਨੇ ਕੀਮਤਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਸੀ। ਦਿੱਗਜ ਕਾਰ ਕੰਪਨੀ ਨਿਸਾਨ ਨੇ ਕਿਹਾ ਕਿ ਨਿਰਮਾਣ ਲਾਗਤ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਉਸ ਨੇ ਕੀਮਤਾਂ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ।
ਨਿਸਾਨ ਨੇ ਕਿਹਾ ਕਿ ਕੰਪਨੀ ਵੱਲੋਂ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ 5 ਫੀਸਦੀ ਤਕ ਦਾ ਵਾਧਾ ਕੀਤਾ ਜਾ ਰਿਹਾ ਹੈ, ਜੋ ਜਨਵਰੀ ਤੋਂ ਲਾਗੂ ਹੋਵੇਗਾ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਕੀਮਤਾਂ 'ਚ ਵਾਧਾ ਨਿਸਾਨ ਤੇ ਡੈਟਸਨ ਦੇ ਸਾਰੇ ਮਾਡਲਾਂ 'ਤੇ ਲਾਗੂ ਹੋਵੇਗਾ।
ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰਾਕੇਸ਼ ਸ਼੍ਰੀਵਾਸਤਵ ਨੇ ਕਿਹਾ, “ਮੌਜੂਦਾ ਚੁਣੌਤੀਪੂਰਨ ਬਾਜ਼ਾਰ ਹਾਲਤ 'ਚ, ਅਸੀਂ ਨਿਸਾਨ ਤੇ ਡੈਟਸਨ ਦੇ ਸਾਰੇ ਮਾਡਲਾਂ ਦੀ ਕੀਮਤ ਵਧਾਉਣ ਲਈ ਮਜ਼ਬੂਰ ਹਾਂ।''
ਜ਼ਿਕਰਯੋਗ ਹੈ ਕਿ ਮੰਗਲਵਾਰ ਹੁੰਡਈ ਨੇ ਵੀ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਹੁੰਡਈ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਸ ਵੱਲੋਂ ਕੀਮਤਾਂ 'ਚ ਕਿੰਨਾ ਵਾਧਾ ਕੀਤਾ ਜਾਵੇਗਾ। ਹੁੰਡਈ ਮੋਟਰਜ਼ ਨੇ ਸਿਰਫ ਇੰਨਾ ਕਿਹਾ ਕਿ ਇਨਪੁਟ ਲਾਗਤ ਵਧਣ ਕਾਰਨ ਜਨਵਰੀ 2020 ਤੋਂ ਕਾਰਾਂ ਦੀਆਂ ਕੀਮਤਾਂ 'ਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਹੁੰਡਈ ਵੱਖ-ਵੱਖ ਮਾਡਲਾਂ ਤੇ ਫਿਊਲ ਟਾਈਪ ਦੇ ਹਿਸਾਬ ਨਾਲ ਕੀਮਤਾਂ 'ਚ ਵਾਧਾ ਕਰੇਗੀ ਤੇ ਇਸ ਮਹੀਨੇ ਦੇ ਅੰਤ ਤੱਕ ਕੀਮਤਾਂ ਦੀ ਜਾਣਕਾਰੀ ਦੇ ਸਕਦੀ ਹੈ।