RBI ਦੇ ਨਵੇਂ ਨਿਯਮ ਲਾਗੂ, ਹੁਣ ਇੱਥੇ ਨਹੀਂ ਚੱਲਣਗੇ ਤੁਹਾਡੇ ATM, ਕ੍ਰੈਡਿਟ ਕਾਰਡ!

10/01/2020 5:00:52 PM

ਨਵੀਂ ਦਿੱਲੀ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਡੈਬਿਟ ਤੇ ਕ੍ਰੈਡਿਟ ਕਾਰਡਾਂ ਨਾਲ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਜੋ 1 ਅਕਤੂਬਰ 2020 ਤੋਂ ਲਾਗੂ ਹੋ ਗਏ ਹਨ। ਹੁਣ ਕਈ ਥਾਵਾਂ 'ਤੇ ਤੁਹਾਡਾ ਏ. ਟੀ. ਐੱਮ. ਯਾਨੀ ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਕੰਮ ਨਹੀਂ ਕਰੇਗਾ, ਇਸ ਲਈ ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਤੁਹਾਡੇ ਕਾਰਡ ਲਈ ਕਿਹੜੀ ਸੁਵਿਧਾ ਬੰਦ ਹੋ ਰਹੀ ਹੈ ਅਤੇ ਕਿਉਂ? ਆਰ. ਬੀ. ਆਈ. ਨੇ ਇਹ ਕਦਮ ਤੁਹਾਡੇ ਲੈਣ-ਦੇਣ ਨੂੰ ਸੁਰੱਖਿਅਤ ਕਰਨ ਲਈ ਚੁੱਕਿਆ ਹੈ। ਜੇਕਰ ਤੁਸੀਂ ਕਾਰਡ 'ਤੇ ਕਿਸੇ ਸੁਵਿਧਾ ਨੂੰ ਹੁਣ ਤੱਕ ਨਹੀਂ ਵਰਤ ਰਹੇ ਸੀ ਅਤੇ ਅਚਾਨਕ ਉਸ ਨੂੰ ਵਰਤਣ ਵਾਲੇ ਹੋ ਤਾਂ ਤੁਹਾਨੂੰ ਉਸ ਲਈ ਨਵੇਂ ਦਿਸ਼ਾ-ਨਿਰਦੇਸ਼ਾਂ 'ਤੇ ਇਕ ਨਜ਼ਰ ਮਾਰਨ ਦੀ ਜ਼ਰੂਰਤ ਹੈ-

1) ਸਭ ਤੋਂ ਪਹਿਲਾਂ ਇਹ ਜਾਣ ਲਓ ਬੈਂਕਾਂ ਵੱਲੋਂ ਜਾਰੀ ਹੋਣ ਵਾਲੇ ਨਵੇਂ ਅਤੇ ਦੁਬਾਰਾ ਜਾਰੀ ਹੋਣ ਵਾਲੇ ਸਾਰੇ ਡੈਬਿਟ, ਕ੍ਰੈਡਿਟ ਕਾਰਡ ਹੁਣ ਸਿਰਫ ਭਾਰਤ 'ਚ ਏ. ਟੀ. ਐੱਮ. ਅਤੇ ਪੁਆਇੰਟ ਆਫ਼ ਸੇਲ (ਪੀ. ਓ. ਐੱਸ.) ਮਸ਼ੀਨ 'ਤੇ ਚੱਲਣਗੇ, ਯਾਨੀ ਹੋਰ ਸੇਵਾ ਪਹਿਲਾਂ ਤੋਂ ਉਪਲਬਧ ਨਹੀਂ ਹੋਵੇਗੀ।

2) ਜੇਕਰ ਤੁਸੀਂ ਭਾਰਤ ਤੋਂ ਬਾਹਰ ਆਪਣੇ ਡੈਬਿਟ, ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਨ ਚਾਹੁੰਦੇ ਹੈ ਤਾਂ ਉਸ ਲਈ ਤੁਹਾਨੂੰ ਆਪਣੇ ਬੈਂਕ ਤੋਂ ਇਹ ਸੁਵਿਧਾ ਚਾਲੂ ਕਰਾਉਣੀ ਹੋਵੇਗੀ, ਜਦੋਂ ਕਿ ਇਸ ਤੋਂ ਪਹਿਲਾਂ ਜ਼ਿਆਦਾਤਰ ਬੈਂਕਾਂ ਵੱਲੋਂ ਜਾਰੀ ਕਾਰਡ ਦੁਨੀਆ 'ਚ ਕਿਤੇ ਵੀ ਵਰਤੇ ਜਾ ਸਕਦੇ ਹਨ।

3) ਮੌਜੂਦਾ ਡੈਬਿਟ, ਕ੍ਰੈਡਿਟ ਕਾਰਡ ਲਈ ਜਾਰੀਕਰਤਾ ਬੈਂਕ ਜੋਖਮ ਦੇ ਆਧਾਰ 'ਤੇ ਕਾਰਡ ਲਈ ਘਰੇਲੂ ਅਤੇ ਕੌਮਾਂਤਰੀ ਲੈਣ-ਦੇਣ ਦੀ ਸੁਵਿਧਾ ਬੰਦ ਕਰਨ ਦਾ ਫ਼ੈਸਲਾ ਲੈ ਸਕਦੇ ਹਨ, ਯਾਨੀ ਜੇਕਰ ਤੁਸੀਂ ਕਿਸੇ ਸਰਵਿਸ ਦਾ ਇਸਤੇਮਾਲ ਨਹੀਂ ਕਰ ਰਹੇ ਹੋ ਤਾਂ ਬੈਂਕ ਉਸ ਨੂੰ ਬੰਦ ਕਰ ਸਕਦਾ ਹੈ।

4) ਰਿਜ਼ਰਵ ਬੈਂਕ ਨੇ ਸਾਰੇ ਬੈਂਕਾਂ ਤੇ ਕਾਰਡ ਜਾਰੀ ਕਰਨ ਵਾਲੀਆਂ ਕੰਪਨੀਆਂ ਨੂੰ ਉਨ੍ਹਾਂ ਸਾਰੇ ਡੈਬਿਟ, ਕ੍ਰੈਡਿਟ ਕਾਰਡਾਂ ਲਈ ਆਨਲਾਈਨ ਭੁਗਤਾਨ ਦੀ ਸੁਵਿਧਾ ਬੰਦ ਕਰਨ ਲਈ ਕਿਹਾ ਹੈ, ਜੋ ਕਦੇ ਵੀ ਭਾਰਤ ਜਾਂ ਵਿਦੇਸ਼ 'ਚ ਆਨਲਾਈਨ ਤੇ ਸੰਪਰਕ ਰਹਿਤ (ਕੰਟੈਕਟਲੈਸ) ਲੈਣ-ਦੇਣ ਲਈ ਨਹੀਂ ਵਰਤੇ ਗਏ ਹਨ।

5) ਨਵੇਂ ਨਿਯਮਾਂ ਮੁਤਾਬਕ, ਗਾਹਕ ਹੁਣ ਖ਼ੁਦ ਦੀ ਮਰਜ਼ੀ ਨਾਲ ਪਸੰਦੀਦਾ ਸੇਵਾ ਲੈ ਸਕਦੇ ਹਨ ਅਤੇ ਕੌਮਾਂਤਰੀ, ਆਨਲਾਈਨ ਤੇ ਕੰਟੈਕਟਲੈਸ ਲੈਣ-ਦੇਣ ਦੀ ਲਿਮਟ ਵੀ ਨਿਰਧਾਰਤ ਕਰ ਸਕਦੇ ਹਨ। ਕਾਰਡਧਾਰਕ ਦਿਨ 'ਚ ਕਿਸੇ ਵੀ ਸਮੇਂ ਮੋਬਾਇਲ ਬੈਂਕਿੰਗ, ਏ. ਟੀ. ਐੱਮਜ਼., ਇੰਟਰਨੈੱਟ ਬੈਂਕਿੰਗ ਤੇ ਆਈ. ਵੀ. ਆਰ. ਜ਼ਰੀਏ ਕਾਰਡ ਨੂੰ ਓਨ/ਔਫ ਜਾਂ ਟ੍ਰਾਂਜੈਕਸ਼ਨ ਦੀ ਲਿਮਟ ਨਿਰਧਾਰਤ ਕਰ ਸਕਦੇ ਹਨ। ਕੁੱਲ ਮਿਲਾ ਕੇ ਬੈਂਕ ਹੁਣ ਜੋ ਕਾਰਡ ਜਾਰੀ ਕਰਨਗੇ ਉਨ੍ਹਾਂ 'ਤੇ ਏ. ਟੀ. ਐੱਮ. ਅਤੇ ਪੀ. ਓ. ਐੱਸ. ਮਸ਼ੀਨ 'ਤੇ ਲੈਣ-ਦੇਣ ਦੀ ਸੁਵਿਧਾ ਪਹਿਲਾਂ ਤੋਂ ਉਪਲਬਧ ਹੋਵੇਗੀ, ਇਸ ਤੋਂ ਇਲਾਵਾ ਜੋ-ਜੋ ਸਰਵਿਸ ਤੁਸੀਂ ਕਾਰਡ 'ਤੇ ਚਾਹੁੰਦੇ ਹੋ ਉਹ ਤੁਹਾਨੂੰ ਹੁਣ ਲੈਣੀ ਪਵੇਗੀ।


Sanjeev

Content Editor

Related News