ਅਟਲ ਪੈਨਸ਼ਨ ਯੋਜਨਾ ਲਈ ਮਿਲੇਗਾ ਨਵਾਂ ਆਧਾਰ ਲਿੰਕਿੰਗ ਫ਼ਾਰਮ
Sunday, Dec 31, 2017 - 11:49 PM (IST)
ਨਵੀਂ ਦਿੱਲੀ (ਭਾਸ਼ਾ)-ਪੂੰਜੀ ਬਾਜ਼ਾਰ ਰੈਗੂਲੇਟਰੀ (ਪੀ. ਐੱਫ. ਆਰ. ਡੀ. ਏ.) ਨੇ ਅਟਲ ਪੈਨਸ਼ਨ ਯੋਜਨਾ (ਏ. ਪੀ. ਵਾਈ.) ਸੇਵਾਦਾਤਿਆਂ ਵੱਲੋਂ ਅੰਸ਼ਧਾਰਕਾਂ ਦੇ ਆਧਾਰ ਨੂੰ ਉਨ੍ਹਾਂ ਦੇ ਖਾਤੇ ਨਾਲ ਲਿੰਕ ਕਰਨ ਬਾਰੇ ਮਨਜ਼ੂਰੀ ਲੈਣ ਲਈ ਸੋਧ ਫ਼ਾਰਮ ਦੀ ਵਰਤੋਂ ਕਰਨ ਲਈ ਕਿਹਾ ਹੈ। ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਨੇ ਇਕ ਸਰਕੂਲਰ 'ਚ ਕਿਹਾ ਕਿ ਆਧਾਰ ਨੂੰ ਏ. ਪੀ. ਵਾਈ. ਨਾਲ ਜੋੜਨ ਨੂੰ ਲੈ ਕੇ ਵਿੱਤ ਮੰਤਰਾਲਾ 'ਚ ਵਿੱਤੀ ਸੇਵਾ ਵਿਭਾਗ ਅਤੇ ਏ. ਪੀ. ਵਾਈ. ਸੇਵਾਦਾਤਿਆਂ ਦੇ ਨਾਲ ਕਈ ਬੈਠਕਾਂ ਹੋਈਆਂ ਹਨ। ਇਸ ਤਰ੍ਹਾਂ ਦੀ ਅੰਤਿਮ ਬੈਠਕ ਇਕ ਮਹੀਨਾ ਪਹਿਲਾਂ ਹੋਈ। ਬੈਠਕ 'ਚ ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਬੈਂਕ ਆਫ ਬੜੌਦਾ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਨੇ ਭਾਗ ਲਿਆ।
ਸਰਕੂਲਰ ਅਨੁਸਾਰ, ''ਏ. ਪੀ. ਵਾਈ. ਅੰਸ਼ਧਾਰਕ ਰਜਿਸਟ੍ਰੇਸ਼ਨ ਫ਼ਾਰਮ ਨੂੰ ਇਸ ਦੇ ਹਿਸਾਬ ਨਾਲ ਸੋਧਿਆ ਹੈ ਤਾਂ ਕਿ ਆਧਾਰ ਨੂੰ ਖਾਤੇ ਨਾਲ ਜੋੜਨ ਬਾਰੇ ਸਹਿਮਤੀ ਲਈ ਜਾ ਸਕੇ ਅਤੇ ਉਸ ਦੀ ਤਸਦੀਕ ਹੋ ਸਕੇ। ਇਸ 'ਚ ਕਿਹਾ ਗਿਆ ਹੈ, ਸਾਰੇ ਏ. ਪੀ. ਵਾਈ. ਸੇਵਾਦਾਤਿਆਂ ਨੂੰ ਜਨਵਰੀ, 2018 ਤੋਂ ਸੋਧੇ ਫ਼ਾਰਮ ਲੈਣੇ ਅਤੇ ਉਸ ਦੇ ਹਿਸਾਬ ਨਾਲ ਵਿਸਥਾਰਤ ਜਾਣਕਾਰੀ ਪ੍ਰਾਪਤ ਕਰਨੀ ਹੈ।'' ਆਧਾਰ ਬਾਰੇ ਸੂਚਨਾ ਲੈਣ ਤੋਂ ਬਾਅਦ ਸੇਵਾਦਾਤਿਆਂ ਨੂੰ ਉਸ ਨੂੰ 'ਸੈਂਟਰਲ ਰਿਕਾਰਡਕੀਪਿੰਗ ਏਜੰਸੀ' 'ਤੇ ਅਪਲੋਡ ਕਰਵਾਉਣਾ ਹੋਵੇਗਾ।
ਅਟਲ ਪੈਨਸ਼ਨ ਯੋਜਨਾ 18 ਤੋਂ 40 ਸਾਲ ਦੇ ਸਾਰੇ ਖਾਤਾਧਾਰਕਾਂ ਲਈ ਹੈ। ਇਸ ਦੇ ਤਹਿਤ ਅੰਸ਼ਧਾਰਕਾਂ ਨੂੰ 60 ਸਾਲ ਦੀ ਉਮਰ ਪੂਰੀ ਹੋਣ ਤੋਂ ਬਾਅਦ ਘੱਟੋ-ਘੱਟ 1000 ਰੁਪਏ ਤੋਂ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ ਜੋ ਉਨ੍ਹਾਂ ਦੇ ਯੋਗਦਾਨ 'ਤੇ ਨਿਰਭਰ ਹੈ।
