ਵੈੱਬ ਸੀਰੀਜ਼ ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ! Netflix ਲਿਆ ਰਹੀ ਸਸਤੇ ਪਲਾਨ
Wednesday, Apr 20, 2022 - 11:30 AM (IST)

ਗੈਜੇਟ ਡੈਸਕ– ਕਈ ਸਾਲ ਪਹਿਲਾਂ ਸ਼ੁਰੂ ਹੋਈ ਨੈੱਟਫਲਿਕਸ ਸਰਵਿਸ ਹੁਣ ਇਕ ਨਵੇਂ ਮਾਡਲ ’ਤੇ ਕੰਮ ਕਰਨ ਜਾ ਰਹੀ ਹੈ ਕੋ-ਫਾਊਂਡਰ ਰੀਡ ਹੇਸਟਿੰਗਸ ਨੇ ਮੰਗਲਵਾਰ ਨੂੰ ਕਿਹਾ ਕਿ ਨੈੱਟਫਲਿਕਸ ਹੁਣ ਵਿਗਿਆਪਨਾਂ ਦੇ ਨਾਲ ਘੱਟ ਕੀਮਤ ਬਾਰੇ ਪਲਾਨ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ। ਦੱਸ ਦੇਈਏ ਕਿ ਆਪਣੀ ਸਟ੍ਰੀਮਿੰਗ ਸੇਵਾ ’ਤੇ ਵਿਗਿਆਪਨਾਂ ਦਾ ਵਿਰੋਧ ਕਰਨ ਦੇ ਸਾਲਾਂ ਬਾਅਦ ਕੰਪਨੀ ਨੇ ਇਹ ਫੈਸਲਾ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਆਪਣੇ 200,000 ਗਾਹਕਾਂ ਨੂੰ ਗੁਆਉਣ ਤੋਂ ਬਾਅਦ ਕੀਤਾ ਹੈ, ਜਿਸਨੂੰ ਇਕ ਦਹਾਕੇ ਬਾਅਦ ਪਹਿਲੀ ਅਜਿਹੀ ਗਿਰਾਵਟ ਮੰਨਿਆ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਪਹਿਲੀ ਵਾਰ ਹੈ ਜਦੋਂ 6 ਸਾਲ ਪਹਿਲਾਂ ਚੀਨ ਦੇ ਬਾਹਰ ਦੁਨੀਆ ਭਰ ’ਚ ਸਟ੍ਰੀਮਿੰਗ ਸੇਵਾ ਉਪਲੱਬਧ ਹੋਣ ਤੋਂ ਬਾਅਦ ਨੈੱਟਫਲਿਕਸ ਦੇ ਗਾਹਕ ਘਟੇ ਹਨ।
ਰੀਡ ਹੇਸਟਿੰਗਸ ਨੇ ਕਿਹਾ, ‘ਮੈਂ ਗਾਹਕਾਂ ਦੀ ਪਸੰਦ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ ਅਤੇ ਉਨ੍ਹਾਂ ਗਾਹਕਾਂ ਨੂੰ ਮਨਜ਼ੂਰੀ ਦੇਣਾ ਚਾਹੁੰਦਾਂ ਹਾਂ ਜੋ ਘੱਟ ਕੀਮਤ ’ਚ ਪਲਾਨ ਚਾਹੁੰਦੇ ਹਨ ਅਤੇ ਜੋ ਵਿਗਿਆਪਨ ਵੇਖ ਸਕਦੇ ਹਨ।’ ਦੱਸ ਦੇਈਏ ਕਿ ਪਿਛਲੇ ਕਈ ਸਾਲਾਂ ਤੋਂ ਨੈੱਟਫਲਿਕਸ ਬਿਨਾਂ ਕਿਸੇ ਵਿਗਿਆਪਨ ਦੇ ਫਿਲਮਾਂ ਅਤੇ ਟੀਵੀ ਸ਼ੋਅ ਵਿਖਾਉਂਦੀ ਆ ਰਹੀ ਹੈ ਪਰ ਕੰਪਨੀ ਹੁਣ ਇਹ ਵੱਡਾ ਬਦਲਾਅ ਕਰਨ ਵਾਲੀ ਹੈ।
ਨੈੱਟਫਲਿਕਸ ਦਾ ਦਾਅਵਾ ਹੈ ਕਿ ਸਬਸਕ੍ਰਾਈਬਰਜ਼ ਘਟਣ ਦਾ ਕਾਰਨ ਰੂਸ ਅਤੇ ਯੂਕ੍ਰੇਨ ਦੀ ਜੰਗ ਹੈ। ਸਿਲੀਕਾਨ ਵੈਲੀ ਟੈੱਕ ਫਰਮ ਨੈੱਟਫਲਿਕਸ ਦੀ ਇਸ ਸਾਲ ਦੀ ਪਹਿਲੀ ਤਿਮਾਹੀ ’ਚ ਕੁੱਲ ਕਮਾਈ 1.6 ਬਿਲੀਅਨ ਡਾਲਰ ਰਹੀ ਹੈ ਜਦਕਿ ਪਿਛਲੇ ਸਾਲ ਦੀ ਪਹਿਲੀ ਤਿਮਾਹੀ ਦੀ ਕੁੱਲ ਕਮਾਈ 1.7 ਬਿਲੀਅਨ ਡਾਲਰ ਰਹੀ ਸੀ। ਨੈੱਟਫਲਿਕਸ ਦੇ 2 ਲੱਖ ਸਬਸਕ੍ਰਾਈਬਰਜ਼ ਘਟਣ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ’ਚ 25 ਫੀਸਦੀ ਦੀ ਗਿਰਾਵਟ ਦਰਜ਼ ਕੀਤੀ ਗਈ ਹੈ।