SBI ਨੇਪਾਲ ਦਾ ਸ਼ੁੱਧ ਲਾਭ 13 ਫ਼ੀਸਦੀ ਵਧਿਆ

12/07/2019 6:53:25 PM

ਕਾਠਮੰਡੂ (ਭਾਸ਼ਾ)-ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਇਕਾਈ ਨੇਪਾਲ ਐੱਸ. ਬੀ. ਆਈ. ਦਾ ਸ਼ੁੱਧ ਲਾਭ ਵਿੱਤੀ ਸਾਲ 2018-19 ’ਚ 13.29 ਫ਼ੀਸਦੀ ਵਧ ਕੇ 229.25 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਬੈਂਕ ਨੇ ਸਾਲਾਨਾ ਆਮ ਬੈਠਕ ਤੋਂ ਪਹਿਲਾਂ ਜਾਰੀ ਸਰਕੁਲਰ ’ਚ ਦੱਸਿਆ ਕਿ ਸਮੀਖਿਆ ਅਧੀਨ ਵਿੱਤੀ ਸਾਲ ’ਚ ਉਸ ਕੋਲ 9792.45 ਕਰੋਡ਼ ਰੁਪਏ ਜਮ੍ਹਾ ਹੋਏ ਅਤੇ ਉਸ ਨੇ 8864.47 ਕਰੋਡ਼ ਰੁਪਏ ਦੇ ਕਰਜ਼ੇ ਵੰਡੇ। ਇਸ ਦੌਰਾਨ ਬੈਂਕ ਨੂੰ ਸੰਚਾਲਨ ਤੋਂ ਪ੍ਰਾਪਤ ਲਾਭ 312.39 ਕਰੋਡ਼ ਅਤੇ ਸ਼ੁੱਧ ਲਾਭ 229.25 ਕਰੋਡ਼ ਰੁਪਏ ਰਿਹਾ। ਬਿਆਨ ’ਚ ਕਿਹਾ ਗਿਆ ਕਿ ਇਸ ਦੌਰਾਨ ਕੁਲ ਕਰਜ਼ਾ ਅਤੇ ਐੱਨ. ਪੀ. ਏ. (ਨਾਨ-ਪ੍ਰਫਾਰਮਿੰਗ ਏਸੈੱਟਸ) ਦਾ ਅਨੁਪਾਤ 0.20 ਫ਼ੀਸਦੀ ਰਿਹਾ। ਬੈਂਕ ਦੇ ਨਿਰਦੇਸ਼ਕ ਮੰਡਲ ਨੇ ਸ਼ੇਅਰਧਾਰਕਾਂ ਨੂੰ ਸਮੀਖਿਆ ਅਧੀਨ ਮਿਆਦ ਲਈ 16.84 ਫ਼ੀਸਦੀ ਦੀ ਦਰ ਨਾਲ ਕੁਲ ਲਾਭ ਅੰਸ਼ ਦੇਣ ਦੀ ਸਿਫਾਰਿਸ਼ ਕੀਤੀ।

ਨੇਪਾਲ ਐੱਸ. ਬੀ. ਆਈ. ਦੇ ਪ੍ਰਬੰਧ ਨਿਰਦੇਸ਼ਕ ਅਨੁਕੂਲ ਭਟਨਾਗਰ ਨੇ ਕਿਹਾ ਕਿ ਨੇਪਾਲ ਦੇ ਬੈਂਕਿੰਗ ਖੇਤਰ ਨੂੰ ਇਕੱਠਿਆਂ ਮਿਲ ਕੇ ਸਾਈਬਰ ਹਮਲਿਆਂ ਨਾਲ ਲੜਨਾ ਚਾਹੀਦਾ ਹੈ ਕਿਉਂਕਿ ਕਿਸੇ ਇਕ ਬੈਂਕ ਦੀਆਂ ਸੂਚਨਾਵਾਂ ’ਚ ਸੰਨ੍ਹ ਲੱਗਣ ਨਾਲ ਪੂਰੀ ਬੈਂਕਿੰਗ ਪ੍ਰਣਾਲੀ ਪ੍ਰਭਾਵਿਤ ਹੋ ਸਕਦੀ ਹੈ। ਬੈਂਕ ਨੇ ਪਿਛਲੇ ਵਿੱਤੀ ਸਾਲ ਦੌਰਾਨ 76,658 ਨਵੇਂ ਬੱਚਤ ਖਾਤੇ ਖੋਲ੍ਹੇ। ਬੈਂਕ ਅਜੇ 116 ਆਊਟਲੈੱਟਸ ਰਾਹੀਂ ਸੇਵਾਵਾਂ ਦੇ ਰਿਹਾ ਹੈ ਅਤੇ ਉਸ ਕੋਲ ਕੁਲ 120 ਏ. ਟੀ. ਐੱਮ. ਹਨ। ਬੈਂਕ ਦੀ ਸਾਲਾਨਾ ਆਮ ਬੈਠਕ ਇੱਥੇ 15 ਦਸੰਬਰ ਨੂੰ ਹੋਣ ਵਾਲੀ ਹੈ।


Karan Kumar

Content Editor

Related News