ਕੋਵਿਡ ਕਾਰਨ ਤਬਾਹ ਹੋਈ ਅਰਥਵਿਵਸਥਾ ਨੂੰ ਬਚਾਉਣ ਲਈ ਨੋਟ ਛਾਪਣ ਦੀ ਲੋੜ : ਉਦੈ ਕੋਟਕ

Friday, May 28, 2021 - 11:06 AM (IST)

ਨਵੀਂ ਦਿੱਲੀ (ਇੰਟ.) – ਦੇਸ਼ ਦੇ ਟੌਪ ਬੈਂਕਰਸ ’ਚ ਸ਼ਾਮਲ ਅਤੇ ਕੋਟਕ ਮਹਿੰਦਰਾ ਬੈਂਕ ਦੇ ਐੱਮ. ਡੀ. ਉਦੈ ਕੋਟਕ ਨੇ ਕੋਵਿਡ ਕਾਰਨ ਤਬਾਹ ਹੋਈ ਅਰਥਵਿਵਸਥਾ ਨੂੰ ਬਚਾਉਣ ਲਈ ਸਲਾਹ ਦਿੱਤੀ ਹੈ। ਉਦੈ ਕੋਟਕ ਨੇ ਕਿਹਾ ਕਿ ਅਰਥਵਿਵਸਥਾ ਨੂੰ ਉਭਾਰਨ ਲਈ ਸਰਕਾਰ ਨੂੰ ਨੋਟ ਛਾਪਣ ਦੀ ਲੋੜ ਹੈ।

ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ. ਆਈ. ਆਈ.) ਦੇ ਪ੍ਰਧਾਨ ਉਦੈ ਕੋਟਕ ਨੇ ਕਿਹਾ ਕਿ ਸਰਕਾਰ ਨੂੰ ਮਦਦ ਦਾ ਘੇਰਾ ਵਧਾਉਣ ਦੀ ਲੋੜ ਹੈ। ਇਕ ਤਾਂ ਸਰਕਾਰ ਨੂੰ ਸਭ ਤੋਂ ਹੇਠਲੇ ਪੱਧਰ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਦੂਜਾ ਕੋਵਿਡ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰਾਂ ਨਾਲ ਜੁੜੇ ਲੋਕਾਂ ਦੀਆਂ ਨੌਕਰੀਆਂ ਨੂੰ ਬਚਾਉਣਾ ਚਾਹੀਦਾ ਹੈ। ਕੋਟਕ ਨੇ ਕਿਹਾ ਕਿ ਮੇਰੇ ਵਿਚਾਰ ਨਾਲ ਹੁਣ ਸਮਾਂ ਆ ਗਿਆ ਹੈ ਜਦੋਂ ਸਰਕਾਰ ਨੂੰ ਬੈਂਕ ਆਫ ਇੰਡੀਆ (ਆਰ. ਬੀ. ਆਈ.) ਦੀ ਮਦਦ ਨਾਲ ਬੈਲੇਂਸ ਸ਼ੀਟ ਦਾ ਵਿਸਤਾਰ ਕਰਨਾ ਚਾਹੀਦਾ ਹੈ। ਜੇ ਹੁਣ ਇਹ ਨਹੀਂ ਕੀਤਾ ਤਾਂ ਕਦੋਂ ਕਰੋਗੇ?

ਸਿੱਧਾ ਗਰੀਬਾਂ ਦੇ ਹੱਥਾਂ ’ਚ ਦਿੱਤਾ ਜਾਏ ਪੈਸਾ

ਉਦੈ ਕੋਟਕ ਨੇ ਕਿਹਾ ਕਿ ਸਰਕਾਰ ਨੂੰ ਸਿਧੇ ਲੋਕਾਂ ਦੇ ਹੱਥਾਂ ’ਚ ਪੈਸਾ ਦੇਣਾ ਚਾਹੀਦਾ ਹੈ। ਇਸ ’ਤੇ ਕੁਲ ਘਰੇਲੂ ਉਤਪਾਦ ਯਾਨੀ ਜੀ. ਡੀ. ਪੀ. ਦਾ ਇਕ ਫੀਸਦੀ ਜਾਂ 1-2 ਲੱਖ ਕਰੋੜ ਰੁਪਏ ਦਰਮਿਆਨ ਖਰਚ ਕਰਨਾ ਚਾਹੀਦਾ ਹੈ। ਸਰਕਾਰ ਦੇ ਇਸ ਕਦਮ ਨਾਲ ਹੇਠਲੇ ਪੱਧਰ ’ਤੇ ਖਪਤ ਵਧਾਉਣ ’ਚ ਮਦਦ ਮਿਲੇਗੀ। ਉਦੈ ਕੋਟਕ ਨੇ ਸਭ ਤੋਂ ਗਰੀਬ ਲੋਕਾਂ ਨੂੰ ਮੈਡੀਕਲ ਲਾਭ ਦੇਣ ਦੀ ਵੀ ਸਲਾਹ ਦਿੱਤੀ। ਕੋਰੋਨਾ ਦੀ ਪਹਿਲੀ ਲਹਿਰ ਤੋਂ ਪ੍ਰਭਾਵਿਤ ਅਰਥਵਿਵਸਥਾ ਨੂੰ ਹੌਲੀ-ਹੌਲੀ ਖੋਲ੍ਹਿਆ ਜਾ ਰਿਹਾ ਸੀ ਪਰ ਦੂਜੀ ਲਹਿਰ ਕਾਰਨ ਫਿਰ ਪਾਬੰਦੀਆਂ ਲਗਾਉਣੀਆਂ ਪਈਆਂ। ਇਸ ਨਾਲ ਬਹੁਤ ਸਾਰੇ ਖੇਤਰ ਅਤੇ ਕਾਰੋਬਾਰਾਂ ’ਤੇ ਮੁੜ ਬ੍ਰੇਕ ਲੱਗ ਗਈ ਹੈ।

ਬਿਜ਼ਨੈੱਸ ਦੇ ਰਿਵਾਈਵਲ ਬਾਰੇ ਵੀ ਸੋਚੇ ਸਰਕਾਰ

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਬਿਜ਼ਨੈੱਸ ਦੇ ਰਿਵਾਈਵਲ ਬਾਰੇ ਵੀ ਸੋਚਣਾ ਚਾਹੀਦਾ ਹੈ। ਇਸ ’ਚ ਦੋ ਤਰ੍ਹਾਂ ਦੇ ਬਿਜ਼ਨੈੱਸ ਹਨ। ਪਹਿਲੇ ਉਹ ਜੋ ਕੋਵਿਡ ਕਾਰਨ ਬਦਲਾਅ ’ਚੋਂ ਲੰਘ ਰਹੇ ਹਨ। ਸੰਭਾਵਨਾ ਹੈ ਕਿ ਇਹ ਬਿਜ਼ਨੈੱਸ ਮਹਾਮਾਰੀ ਤੋਂ ਬਾਅਦ ਸੰਭਲ ਜਾਣਗੇ। ਦੂਜੇ ਬਿਜ਼ਨੈੱਸ ਉਹ ਹਨ, ਜਿਨ੍ਹਾਂ ਦਾ ਮਹਾਮਾਰੀ ਕਾਰਨ ਪੂਰਾ ਬਿਜ਼ਨੈੱਸ ਮਾਡਲ ਬਦਲ ਦਿੱਤਾ ਗਿਆ ਹੈ ਅਤੇ ਉਹ ਕੰਮ ਦੇ ਨਹੀਂ ਰਹਿ ਗਏ ਹਨ। ਕੋਟਕ ਨੇ ਕਿਹਾ ਕਿ ਪਹਿਲਾਂ ਵਾਲੇ ਬਿਜ਼ਨੈੱਸ ਲਈ ਹਰ ਉਹ ਉਪਾਅ ਕਰਨਾ ਚਾਹੀਦਾ ਹੈ ਜੋ ਕੀਤਾ ਜਾ ਸਕਦਾ ਹੈ। ਦੂਜੇ ਜੋ ਬਿਜ਼ਨੈੱਸ ਬਦਲੇ ਹੋਏ ਹਾਲਾਤਾਂ ਦਰਮਿਆਨ ਚੱਲ ਦੀ ਸਥਿਤੀ ’ਚ ਨਹੀਂ ਹੈ, ਉਨ੍ਹਾਂ ਨੂੰ ਬਾਹਰ ਨਿਕਲਣ ’ਚ ਮਦਦ ਕਰਨੀ ਚਾਹੀਦੀ ਹੈ ਤਾਂ ਕਿ ਇਹ ਬਿਜ਼ਨੈੱਸ ਅਰਥਵਿਵਸਥਾ ’ਤੇ ਲੰਮੇ ਸਮੇਂ ਤੱਕ ਬੋਝ ਨਾ ਪਾ ਸਕਣ।


Harinder Kaur

Content Editor

Related News