ਨਵੇਂ ਸਿਰੇ ਤੋਂ ਵਿਸਤਾਰ ਦੀ ਯੋਜਨਾ ਤਿਆਰ ਕਰੇਗੀ ਨਾਲਕੋ
Friday, Dec 27, 2019 - 03:20 PM (IST)

ਨਵੀਂ ਦਿੱਲੀ—ਜਨਤਕ ਖੇਤਰ ਦੀ ਐਲੂਮੀਨੀਅਮ ਕੰਪਨੀ ਨੈਸ਼ਨਲ ਐਲੂਮੀਨੀਅਮ ਕੰਪਨੀ ਲਿ. (ਨਾਲਕੋ) ਆਪਣੀ ਵਿਸਤਾਰ ਯੋਜਨਾ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਸ਼੍ਰੀਧਰ ਪਾਤਰਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਹਾਲਾਂਕਿ ਇਸ ਯੋਜਨਾ ਦੀ ਜਾਣਕਾਰੀ ਦੇਣ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਇਸ ਨੂੰ ਪਹਿਲਾਂ ਨਿਰਦੇਸ਼ਕ ਮੰਡਲ ਦੇ ਸਾਹਮਣੇ ਰੱਖਿਆ ਜਾਣਾ ਹੈ। ਪਾਤਰਾ ਨੇ ਭਾਰਤੀ ਉਦਯੋਗ ਪਰਿਸੰਘ (ਸੀ.ਆਈ.ਆਈ.) ਵਲੋਂ ਆਯੋਜਿਤ ਖਨਨ ਸੰਮੇਲਨ ਦੇ ਮੌਕੇ 'ਤੇ ਵੱਖ ਤੋਂ ਗੱਲਬਾਤ 'ਚ ਕਿਹਾ ਕਿ ਅਸੀਂ ਆਪਣੀ ਵਿਸਤਾਰ ਦੀ ਯੋਜਨਾ ਨੂੰ ਨਵੇਂ ਸਿਰੇ ਤੋਂ ਬਣਾ ਰਹੇ ਹਾਂ। ਤੁਸੀਂ ਕਿੰਨੇ ਵੀ ਲੰਬੇ ਸਮੇਂ ਦੀ ਯੋਜਨਾ ਬਣਾਓ, 10-15 ਸਾਲ ਦਾ ਅਨੁਮਾਨ ਨਹੀਂ ਲਗਾ ਸਕਦੇ, ਕਿਉਂਕਿ ਸਾਰੇ ਕਾਰਕ ਇਕ ਹੀ ਤਰ੍ਹਾਂ ਨਾਲ ਸਮਰਥਨ ਨਹੀਂ ਕਰਦੇ। ਪਾਤਰਾ ਨੇ ਕਿਹਾ ਕਿ ਸਾਨੂੰ ਇਸ 'ਚ ਸੰਸ਼ੋਧਨ ਕਰਨਾ ਹੋਵੇਗਾ। ਜੋ ਵੀ ਅੜਚਨਾਂ ਹਨ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਦੂਰ ਕਰਨਾ ਹੋਵੇਗਾ। ਕੰਪਨੀ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਅਗਲੇ ਚਾਰ ਸਾਲ 'ਚ ਕਈ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਅਤੇ ਵਿਸਤਾਕ ਪ੍ਰੋਗਰਾਮ 'ਤੇ 30,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਨਾਲਕੋ ਖਾਨ ਮੰਤਰਾਲੇ ਦੇ ਤਹਿਤ ਨਵਰਤਨ ਕੰਪਨੀ ਹੈ। ਕੰਪਨੀ ਖਨਨ, ਧਾਤੂ ਅਤੇ ਬਿਜਲੀ ਖੇਤਰ 'ਚ ਕਾਰੋਬਾਰ ਕਰਦੀ ਹੈ।