ਕੋਰੋਨਾ ਦੇ ਮੱਦੇਨਜ਼ਰ ਮੁਕੇਸ਼ ਅੰਬਾਨੀ 2020-21 ''ਚ ਨਹੀਂ ਲੈਣਗੇ ਤਨਖ਼ਾਹ, ਜਾਣੋ ਕਿੰਨੀ ਹੈ ਉਨ੍ਹਾਂ ਦੀ ਸੈਲਰੀ

Wednesday, Jun 24, 2020 - 02:18 PM (IST)

ਕੋਰੋਨਾ ਦੇ ਮੱਦੇਨਜ਼ਰ ਮੁਕੇਸ਼ ਅੰਬਾਨੀ 2020-21 ''ਚ ਨਹੀਂ ਲੈਣਗੇ ਤਨਖ਼ਾਹ, ਜਾਣੋ ਕਿੰਨੀ ਹੈ ਉਨ੍ਹਾਂ ਦੀ ਸੈਲਰੀ

ਮੁੰਬਈ (ਵਾਰਤਾ) : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟਰੀਜ਼ ਲਿਮਿਟਡ (ਆਰ.ਆਈ.ਐਲ.) ਦੇ ਮਾਲਕ ਮੁਕੇਸ਼ ਅੰਬਾਨੀ ਨੇ ਗਲੋਬਲ ਮਹਾਮਾਰੀ ਕੋਵਿਡ-19 ਕਾਰਨ ਚਾਲੂ ਵਿੱਤ ਸਾਲ ਵਿਚ ਕੰਪਨੀ ਤੋਂ ਤਨਖਾਹ ਨਾ ਲੈਣ ਦਾ ਫ਼ੈਸਲਾ ਲਿਆ ਹੈ। ਆਰ.ਆਈ.ਐੱਲ. ਦੀ 2019-20 ਦੀ ਸਾਲਾਨਾ ਰਿਪੋਟਰ ਵਿਚ ਦੱਸਿਆ ਗਿਆ ਹੈ ਕਿ ਸ਼੍ਰੀ ਅੰਬਾਨੀ ਨੇ 2020-21 ਵਿੱਤੀ ਸਾਲ ਵਿਚ ਕੋਰੋਨਾ ਲਾਗ (ਮਹਾਮਾਰੀ) ਦੇ ਚਲਦੇ ਤਨਖ਼ਾਹ ਨਾ ਲੈਣ ਦਾ ਫੈਸਲਾ ਕੀਤਾ ਹੈ। ਸ਼੍ਰੀ ਅੰਬਾਨੀ ਨੇ ਆਰ.ਆਈ.ਐੱਲ. ਦੇ ਹਾਲ ਹੀ ਵਿਚ ਟੀਚੇ ਤੋਂ 9 ਮਹੀਨੇ ਪਹਿਲਾਂ ਪੂਰੀ ਤਰ੍ਹਾਂ ਕਰਜ਼ਮੁਕਤ ਹੋਣ ਦਾ ਐਲਾਨ ਕੀਤਾ ਸੀ।

ਕੰਪਨੀ ਦੀ ਮੰਗਲਵਾਰ ਨੂੰ ਜਾਰੀ 2019-20 ਦੀ ਰਿਪੋਟਰ ਅਨੁਸਾਰ ਸ਼੍ਰੀ ਅੰਬਾਨੀ ਦੀ ਆਪਣੀ ਮੁੱਖ ਕੰਪਨੀ ਰਿਲਾਇੰਸ ਇੰਡਸਟਰੀਜ਼ ਤੋਂ ਸਾਲਾਨਾ ਤਨਖ਼ਾਹ ਪਿਛਲੇ 12 ਸਾਲਾਂ ਦੇ ਬਰਾਬਰ 15 ਕਰੋੜ ਰੁਪਏ ਹੀ ਰਹੀ। ਸ਼੍ਰੀ ਅੰਬਾਨੀ ਦੀ 2008-09 ਵਿਚ ਤਨਖ਼ਾਹ, ਭੱਤਾ ਅਤੇ ਕਮਿਸ਼ਨ ਸਭ ਕੁੱਝ ਮਿਲਾ ਕੇ ਸਾਲਾਨਾ 15 ਕਰੋੜ ਰੁਪਏ ਸੀ ਅਤੇ ਉਦੋਂ ਤੋਂ ਲਗਾਤਾਰ ਉਹ ਇੰਨੀ ਹੀ ਤਨਖ਼ਾਹ ਲੈ ਰਹੇ ਹਨ।  ਰਿਪੋਟਰ ਅਨੁਸਾਰ ਕੋਵਿਡ-19 ਕਾਰਨ ਸ਼੍ਰੀ ਅੰਬਾਨੀ ਨੇ ਇਸ ਸਾਲ ਅਪ੍ਰੈਲ ਦੇ ਅੰਤ ਵਿਚ ਹੀ ਆਪਣੀ ਤਨਖ਼ਾਹ ਛੱਡਣ ਦਾ ਫ਼ੈਸਲਾ ਕੀਤਾ ਸੀ। ਕੋਵਿਡ-19 ਦੇ ਕਾਰਨ ਤਾਲਾਬੰਦੀ ਨੂੰ ਵੇਖਦੇ ਹੋਏ ਇਸ ਦੌਰਾਨ ਕੰਪਨੀ ਦੇ ਜ਼ਿਆਦਾਤਰ ਕਾਮਿਆਂ ਦੀ ਤਨਖ਼ਾਹ ਵਿਚ 10 ਫ਼ੀਸਦੀ ਤੋਂ ਲੈ ਕੇ ਅੱਧੀ ਤਨਖ਼ਾਹ ਦੀ ਕਟੌਤੀ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਸੀ। ਕੰਪਨੀ ਮੁਤਾਬਕ ਹੋਰ ਕਾਰਜਕਾਰੀ ਨਿਦੇਸ਼ਕਾਂ ਨੇ ਵੀ ਆਪਣੀ ਤਨਖ਼ਾਹ 50 ਫ਼ੀਸਦੀ ਤੱਕ ਛੱਡਣ ਦਾ ਫ਼ੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਵਿੱਤੀ ਸਾਲ 2019-20 ਲਈ ਮੁਕੇਸ਼ ਅੰਬਾਨੀ ਨੂੰ ਮਿਲੇ ਮਿਹਨਤਾਨੇ ਵਿਚ 4.36 ਕਰੋੜ ਦੀ ਤਨਖ਼ਾਹ ਅਤੇ ਭੱਤਾ ਸ਼ਾਮਲ ਹੈ। 2018-19 ਵਿੱਤੀ ਸਾਲ ਵਿਚ ਉਨ੍ਹਾਂ ਨੂੰ 4.45 ਕਰੋੜ ਰੁਪਏ ਦੀ ਤਨਖ਼ਾਹ ਅਤੇ ਭੱਤਾ ਮਿਲਿਆ ਸੀ। ਅੰਬਾਨੀ 2019-20 ਵਿਚ ਕਮਿਸ਼ਨ ਤੋਂ ਮਿਲਣ ਵਾਲੀ ਰਾਸ਼ੀ ਪਹਿਲਾਂ ਦੇ ਬਰਾਬਰ 9.53 ਕਰੋੜ ਰੁਪਏ ਹੀ ਰਹੀ, ਜਦੋਂ ਕਿ ਉਪਰੀ ਲਾਭ 31 ਲੱਖ ਤੋਂ ਵੱਧ ਕੇ 40 ਲੱਖ ਰੁਪਏ ਹੋ ਗਏ। ਸ਼੍ਰੀ ਅੰਬਾਨੀ ਨੂੰ ਵਿੱਤੀ ਸਾਲ ਵਿਚ ਰਿਟਾਇਰਮੈਂਟ ਲਾਭ ਵਜੋਂ 71 ਲੱਖ ਰੁਪਏ ਮਿਲੇ ਹਨ।

ਸੋਮਵਾਰ ਨੂੰ ਹੀ ਰਿਲਾਇੰਸ ਇੰਡਸਟਰੀਜ਼ ਨੂੰ ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਤੋਂ ਦੇਸ਼ ਦੀ ਪਹਿਲੀ 150 ਅਰਬ ਡਾਲਰ ਦੀ ਕੰਪਨੀ ਹੋਣ ਦਾ ਕ੍ਰੈਡਿਟ ਮਿਲਿਆ। ਸ਼੍ਰੀ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਬਹੁਤ ਜਲਦ ਦੁਨੀਆ ਦੀ ਟਾਪ-50 ਕੰਪਨੀਆਂ ਦੀ ਸੂਚੀ ਵਿਚ ਵੀ ਸ਼ਾਮਿਲ ਹੋ ਸਕਦੀ ਹੈ। ਫਿਲਹਾਲ ਦੁਨੀਆ ਵਿਚ ਰਿਲਾਇੰਸ ਇਸ ਸਮੇਂ 58ਵੇਂ ਸਥਾਨ 'ਤੇ ਹੈ। ਕੰਪਨੀ ਦਾ ਬਾਜ਼ਾਰ ਪੂੰਜੀਕਰਣ 151 ਅਰਬ ਡਾਲਰ ਹੈ। ਉਹ ਇਸ ਮਾਮਲੇ ਵਿਚ ਯੂਨੀਲੀਵਰ, ਚਾਈਨਾ ਮੋਬਾਇਲ ਅਤੇ ਮੈਕਡੋਨਲਡ ਵਰਗੀਆਂ ਕੰਪਨੀਆਂ ਤੋਂ ਉੱਤੇ ਹੈ। ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 146 ਅਰਬ ਡਾਲਰ ਹੈ ਅਤੇ ਉਹ ਦੁਨੀਆ ਵਿਚ 60ਵੇਂ ਸਥਾਨ 'ਤੇ ਹੈ, ਜਦੋਂਕਿ ਚਾਈਨਾ ਮੋਬਾਇਲ 143 ਅਰਬ ਡਾਲਰ ਦੇ ਨਾਲ 61ਵੇਂ ਅਤੇ ਮੈਕਡੋਨਾਲਡ 141 ਅਰਬ ਡਾਲਰ ਦੇ ਨਾਲ 62ਵੇਂ ਸਥਾਨ 'ਤੇ ਹੈ।

ਸ਼੍ਰੀ ਅੰਬਾਨੀ ਹਾਲ ਹੀ ਵਿਚ ਦੁਨੀਆ ਦੇ ਸਭ ਤੋਂ ਅਮੀਰ 10 ਵਿਅਕਤੀਆਂ ਦੀ ਸੂਚੀ ਵਿਚ ਸ਼ਾਮਿਲ ਹੋਏ ਸਨ। ਉਨ੍ਹਾਂ ਦੀ ਕੁੱਲ ਜਾਇਦਾਦ 64.5 ਅਰਬ ਡਾਲਰ ਹੈ। ਕੁੱਝ ਮਹੀਨਾ ਪਹਿਲਾਂ ਕੰਪਨੀ ਦੇ ਸ਼ੇਅਰਾਂ ਵਿਚ ਆਈ ਗਿਰਾਵਟ ਨਾਲ ਸ਼੍ਰੀ ਅੰਬਾਨੀ ਤੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਮਗਾ ਖੁੰਝ ਗਿਆ ਸੀ ਅਤੇ ਅਲੀਬਾਬਾ ਦੇ ਜੈਕ ਮਾ ਉਨ੍ਹਾਂ ਤੋਂ ਅੱਗੇ ਨਿਕਲ ਗਏ ਸਨ। ਰਿਲਾਇੰਸ ਦੇ ਸ਼ੇਅਰਾਂ ਦੇ ਮੁੱਲ ਇਸ ਸਾਲ 23 ਮਾਰਚ ਦੀ ਤੁਲਣਾ ਵਿਚ ਦੋਗੁਨੇ ਹੋ ਚੁੱਕੇ ਹਨ।  ਰਿਲਾਇੰਸ ਦਾ ਬਾਜ਼ਾਰ ਪੂੰਜੀਕਰਣ ਸਿਰਫ਼ 40 ਮਹੀਨੇ ਵਿਚ 4 ਲੱਖ ਕਰੋੜ ਤੋਂ 11 ਲੱਖ ਕਰੋੜ ਰੁਪਏ ਦੇ ਉੱਤੇ ਪਹੁੰਚ ਗਿਆ ਅਤੇ ਉਹ ਦੇਸ਼ ਦੀ ਇਹ ਕ੍ਰੈਡਿਟ ਹਾਸਲ ਕਰਨ ਵਾਲੀ ਪਹਿਲੀ ਕੰਪਨੀ ਹੈ। ਰਿਲਾਇੰਸ ਦਾ ਸ਼ੇਅਰ ਫਿਲਹਾਲ ਰਿਕਾਡਰ ਉਚਾਈ 'ਤੇ ਹੈ।


author

cherry

Content Editor

Related News