ਨਿੱਜੀ ਕੰਪਨੀਆਂ ਤੋਂ ਪੱਛੜੀ ਸਰਕਾਰੀ ਕੰਪਨੀ MTNL ਹੋਵੇਗੀ ਬੰਦ! , ਖ਼ਤਰੇ 'ਚ ਪਿਆ 3,000 ਮੁਲਾਜ਼ਮਾਂ ਦਾ ਭਵਿੱਖ

Thursday, Jul 11, 2024 - 11:40 AM (IST)

ਨਵੀਂ ਦਿੱਲੀ (ਇੰਟ.) - ਸਰਕਾਰੀ ਟੈਲੀਕਾਮ ਕੰਪਨੀ ਮਹਾਨਗਰ ਟੈਲੀਫੋਨ ਨਿਗਮ (ਐੱਮ. ਟੀ. ਐੱਨ. ਐੱਲ.) ਹੁਣ ਕੁੱਝ ਦਿਨ ਦੀ ਮਹਿਮਾਨ ਰਹਿ ਗਈ ਹੈ। ਸਰਕਾਰ 30,000 ਕਰੋੜ ਰੁਪਏ ਦੇ ਕਰਜ਼ੇ ਮੁੜ ਗਠਨ ਨੂੰ ਅੰਤਿਮ ਰੂਪ ਦੇਣ ਦੇ ਕਰੀਬ ਹੈ। ਇਸ ਤੋਂ ਬਾਅਦ ਐੱਮ. ਟੀ. ਐੱਨ. ਐੱਲ. ਦਾ ਪੂਰਾ ਕੰਮਕਾਜ ਭਾਰਤ ਸੰਚਾਰ ਨਿਗਮ (ਬੀ. ਐੱਸ. ਐੱਨ. ਐੱਲ.) ਨੂੰ ਸੌਂਪ ਦਿੱਤਾ ਜਾਵੇਗਾ।

ਸੂਤਰਾਂ ਮੁਤਾਬਕ ਕੰਪਨੀ ਨੂੰ ਆਧਿਕਾਰਕ ਰੂਪ ਨਾਲ ਬੰਦ ਕਰਨ ਦਾ ਫੈਸਲਾ ਹੁਣੇ ਨਹੀਂ ਲਿਆ ਗਿਆ ਹੈ ਪਰ ਇੰਨਾ ਤੈਅ ਹੈ ਕਿ ਇਸ ਦੀ ਸੁਤੰਤਰ ਹੋਂਦ ਨਹੀਂ ਹੋਵੇਗਾ। ਕੰਪਨੀ ਅਜੇ ਰਾਜਧਾਨੀ ਦਿੱਲੀ ਅਤੇ ਮੁੰਬਈ ’ਚ ਆਪਣੀਆਂ ਸੇਵਾਵਾਂ ਦੇ ਰਹੀ ਹੈ, ਜਦੋਂਕਿ ਬਾਕੀ ਦੇਸ਼ਾਂ ’ਚ ਬੀ. ਐੱਸ. ਐੱਨ. ਐੱਲ. ਸੇਵਾ ਦੇ ਰਹੀ ਹੈ। 4ਜੀ ਅਤੇ 5ਜੀ ਸੇਵਾਵਾਂ ਦੀ ਕਮੀ ਕਾਰਨ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਨਿਜੀ ਟੈਲੀਕਾਮ ਕੰਪਨੀਆਂ ਨਾਲ ਮੁਕਾਬਲਾ ਕਰਨ ਦੀ ਸਥਿਤੀ ’ਚ ਨਹੀਂ ਹੈ।

ਇਕ ਸੂਤਰ ਨੇ ਦੱਸਿਆ ਕਿ ਐੱਮ. ਟੀ. ਐੱਨ. ਐੱਲ. ਦਾ ਪੂਰਾ ਕੰਮਕਾਜ ਬੀ. ਐੱਸ. ਐੱਨ. ਐੱਲ. ਦੇ ਹੱਥਾਂ ’ਚ ਚਲਾ ਜਾਵੇਗਾ। ਬੀ. ਐੱਸ. ਐੱਨ. ਐੱਲ. ਪਹਿਲਾਂ ਤੋਂ ਹੀ ਵਾਇਰਲੈੱਸ ਆਪ੍ਰੇਸ਼ਨ ਨੂੰ ਮੈਨੇਜ ਕਰ ਰਹੀ ਹੈ। ਕਰਜ਼ਾ ਮੁੜ ਗਠਨ ਪੂਰਾ ਹੋ ਜਾਣ ਤੋਂ ਬਾਅਦ ਐੱਮ. ਟੀ. ਐੱਨ. ਐੱਲ. ਦਾ ਸਾਰਾ ਕੰਮ ਬੀ. ਐੱਸ. ਐੱਨ. ਐੱਲ. ਕਰੇਗਾ। ਇਕ ਹੋਰ ਸੂਤਰ ਨੇ ਦੱਸਿਆ ਕਿ ਸਰਕਾਰ ਇਹ ਤੈਅ ਕਰਨ ’ਚ ਲੱਗੀ ਹੈ ਕਿ ਐੱਮ. ਟੀ. ਐੱਨ. ਐੱਲ. ਦੇ ਕਰੀਬ 3,000 ਕਰਮਚਾਰੀਆਂ ਨੂੰ ਵੀ. ਆਰ. ਐੱਸ. ਦੀ ਪੇਸ਼ਕਸ਼ ਕੀਤੀ ਜਾਵੇ ਜਾਂ ਉਨ੍ਹਾਂ ਨੂੰ ਬੀ. ਐੱਸ. ਐੱਨ. ਐੱਲ. ’ਚ ਟਰਾਂਸਫਰ ਕੀਤਾ ਜਾਵੇ।

ਸਰਕਾਰ ਦਾ ਮੰਨਣਾ ਹੈ ਕਿ ਬੀ. ਐੱਸ. ਐੱਨ. ਐੱਲ. ਦੇਸ਼ ’ਚ ਪੂਰੇ ਕੰਮ ਨੂੰ ਮੈਨੇਜ ਕਰਨਾ ਸ਼ੁਰੂ ਕਰ ਦੇਵੇਗਾ, ਤਾਂ ਬਿਹਤਰ ਨਤੀਜਾ ਸਾਹਮਣੇ ਆਵੇਗਾ। ਮੂਲ ਰੂਪ ਨਾਲ ਸਰਕਾਰ ਨੇ ਦੋਵਾਂ ਸਰਕਾਰੀ ਕੰਪਨੀਆਂ ਦੇ ਰਲੇਵੇਂ ਦੀ ਯੋਜਨਾ ਬਣਾਈ ਸੀ ਪਰ ਖਾਸ ਕਰ ਕੇ ਐੱਮ. ਟੀ. ਐੱਨ. ਐੱਲ. ’ਤੇ ਭਾਰੀ ਕਰਜ਼ੇ ਕਾਰਨ ਮਰਜਰ ਨਹੀਂ ਹੋ ਸਕਿਆ।

ਨਿੱਜੀ ਕੰਪਨੀਆਂ ਤੋਂ ਪੱਛੜੀ

ਦੋਵਾਂ ਸਰਕਾਰੀ ਕੰਪਨੀਆਂ 4ਜੀ ਅਤੇ 5ਜੀ ਦੀ ਦੌੜ ’ਚ ਪੱਛੜ ਗਈਆਂ ਹਨ। ਇਸ ਕਾਰਨ ਉਹ ਰਿਲਾਇੰਸ ਜੀਓ, ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਵਰਗੀਆਂ ਪ੍ਰਾਈਵੇਟ ਕੰਪਨੀਆਂ ਨਾਲ ਮੁਕਾਬਲਾ ਨਹੀਂ ਕਰ ਪਾ ਰਹੀਆਂ ਹਨ। ਲੇਟੈਸਟ ਟੈਲੀਕਾਮ ਟੈਕਨੀਕ ਦੀ ਕਮੀ ਕਾਰਨ ਦੋਵੇਂ ਕੰਪਨੀਆਂ ਹਰ ਮਹੀਨੇ ਗਾਹਕ ਗਵਾ ਰਹੀਆਂ ਹਨ।

ਅਪ੍ਰੈਲ ਦੇ ਆਖਿਰ ’ਚ ਬੀ. ਐੱਸ. ਐੱਨ. ਐੱਲ. ਕੋਲ 7.46 ਫੀਸਦੀ ਗਾਹਕ ਬਾਜ਼ਾਰ ਹਿੱਸੇਦਾਰੀ ਸੀ, ਜਦੋਂਕਿ ਐੱਮ. ਟੀ. ਐੱਨ. ਐੱਲ. ਦੀ ਹਿੱਸੇਦਾਰੀ ਸਿਰਫ 0.16 ਫੀਸਦੀ ਸੀ। ਇਸ ਦੀ ਤੁਲਣਾ ’ਚ ਬਾਜ਼ਾਰ ਦੀ ਮੋਹਰੀ ਕੰਪਨੀ ਰਿਲਾਇੰਸ ਜੀਓ ਦੀ ਵਾਇਰਲੈੱਸ ਗਾਹਕ ਹਿੱਸੇਦਾਰੀ 40.48 ਫੀਸਦੀ ਸੀ। ਭਾਰਤੀ ਏਅਰਟੈੱਲ (33.12 ਫੀਸਦੀ) ਦੂਜੇ ਅਤੇ ਵੋਡਾਫੋਨ ਆਈਡੀਆ (18.77 ਫੀਸਦੀ) ਤੀਜੇ ਸਥਾਨ ’ਤੇ ਸੀ। ਬੀ. ਐੱਸ. ਐੱਨ. ਐੱਲ. ਨੇ 2023-24 ਲਈ 5,378.78 ਕਰੋਡ਼ ਰੁਪਏ ਦਾ ਘਾਟਾ ਦਰਜ ਕੀਤਾ, ਜਦੋਂਕਿ ਐੱਮ. ਟੀ. ਐੱਨ. ਐੱਲ. ਦਾ ਸ਼ੁੱਧ ਘਾਟਾ 3,267.5 ਕਰੋਡ਼ ਰੁਪਏ ਰਿਹਾ। ਸਰਕਾਰ 2019 ਤੋਂ ਹੀ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਸਹਾਇਤਾ ਦੇ ਰਹੀ ਹੈ।

ਕਿਵੇਂ ਹੋਵੇਗਾ ਰੀਵਾਈਵਲ

ਹੁਣ ਜਦੋਂ ਇਹ ਸਪੱਸ਼ਟ ਹੋ ਗਿਆ ਕਿ ਐੱਮ. ਟੀ. ਐੱਨ. ਐੱਲ. ਆਪਣੇ ਦਮ ’ਤੇ ਟਿਕ ਨਹੀਂ ਸਕੇਗੀ, ਤਾਂ ਉਸ ਦਾ ਕੰਮਕਾਜ ਬੀ. ਐੱਸ. ਐੱਨ. ਐੱਲ. ਨੂੰ ਸੌਂਪਣ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਨੇ 2019 ਤੋਂ ਹੁਣ ਤੱਕ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਕੁਲ 3.22 ਲੱਖ ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਹੈ। 2019 ’ਚ ਦੋਵਾਂ ਕੰਪਨੀਆਂ ਦੇ 92,000 ਤੋਂ ਜ਼ਿਆਦਾ ਕਰਮਚਾਰੀਆਂ ਨੇ ਰੀਵਾਈਵਲ ਪੈਕੇਜ ਦੇ ਹਿੱਸੇ ਦੇ ਰੂਪ ’ਚ ਵੀ. ਆਰ. ਐੱਸ. ਲਿਆ।

ਇਸ ਨਾਲ ਕੰਪਨੀਆਂ ਨੂੰ ਆਪਣੇ ਸੈਲਰੀ ਬਿੱਲ ਨੂੰ ਘੱਟ ਕਰਨ ’ਚ ਮਦਦ ਮਿਲੀ, ਜੋ ਉਨ੍ਹਾਂ ਦੇ ਰੈਵੇਨਿਊ ਦਾ 75 ਫੀਸਦੀ ਤੋਂ ਜ਼ਿਆਦਾ ਹੋਇਆ ਕਰਦਾ ਸੀ। ਸਰਕਾਰ ਨੇ ਹੁਣ ਬੀ. ਐੱਸ. ਐੱਨ. ਐੱਲ. ਨੂੰ ਹੋਰ ਜ਼ਿਆਦਾ ਕੁਸ਼ਲ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਹੈ ਤਾਂਕਿ ਉਹ ਰਿਲਾਇੰਸ ਜੀਓ ਅਤੇ ਭਾਰਤੀ ਏਅਰਟੈੱਲ ਵਰਗੀਆਂ ਨਿੱਜੀ ਕੰਪਨੀਆਂ ਨਾਲ ਮੁਕਾਬਲਾ ਕਰ ਸਕੇ।


Harinder Kaur

Content Editor

Related News